• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਵਿਗੜੀ ਸਿਹਤ

  

Share
  ਇਸਲਾਮਾਬਾਦ : ਜੇਲ 'ਚ ਬੰਦ ਪਾਕਿਸਤਾਨ ਦੇ ਸਾਬਕੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਿਹਤ ਵਿਗੜਨ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਨੂੰ ਅਸਥਾਈ ਸਰਕਾਰ ਦੇ ਹੁਕਮ 'ਤੇ ਦੇਸ਼ ਦੇ ਚੋਟੀ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸ਼ਰੀਫ ਤੇ ਉਨ੍ਹਾਂ ਦੀ ਬੇਟੀ ਮਰਿਅਮ ਰਾਵਲਪਿੰਡੀ ਦੀ ਅਡਿਆਲਾ ਜੇਲ 'ਚ ਲੜੀਵਾਰ 10 ਤੇ 7 ਸਾਲ ਦੀ ਸਜ਼ਾ ਕੱਟ ਰਹੇ ਹਨ। ਲੰਡਨ 'ਚ ਚਾਰ ਆਲੀਸ਼ਾਨ ਫਲੈਟਾਂ ਦੀ ਮਲਕੀਅਤ ਨਾਲ ਜੁੜੇ ਮਾਮਲੇ 'ਚ ਇਕ ਜਵਾਬਦੇਹੀ ਅਦਾਲਤ ਨੇ 6 ਜੁਲਾਈ ਨੂੰ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ੀ ਠਹਿਰਾਇਆ ਸੀ।
ਪਾਕਿਸਤਾਨ ਦੀ ਖਬਰ ਮੁਤਾਬਕ ਸ਼ਰੀਫ ਨੇ ਛਾਤੀ ਦੇ ਦਰਦ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੀ ਹੋਰ ਜਾਂਚ ਦੀ ਸਲਾਹ ਦਿੱਤੀ ਸੀ ਤੇ ਕਿਹਾ ਸੀ ਕਿ ਉਨ੍ਹਾਂ ਨੂੰ ਤੁਰੰਤ ਇਸਲਾਮਾਬਾਦ ਦੇ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਈਂਸ ਦੀ ਦਿਲ ਦੇ ਰੋਗ ਵਾਲੀ ਇਕਾਈ 'ਚ ਦਾਖਲ ਕਰਵਾਇਆ ਜਾਵੇ। ਸ਼ਰੀਫ ਨੂੰ ਹਸਪਤਾਲ ਭੇਜਣ ਦਾ ਫੈਸਲਾ ਪੰਜਾਬ ਸਰਕਾਰ ਨੇ ਲਿਆ ਕਿਉਂਕਿ ਅਡਿਆਲਾ ਜੇਲ ਉਨ੍ਹਾਂ ਦੇ ਪ੍ਰਸ਼ਾਸਨਿਕ ਕੰਟਰੋਲ 'ਚ ਹੈ। ਡਾਕਟਰਾਂ ਦੀ ਇਕ ਟੀਮ ਨੇ ਸਿਫਾਰਿਸ਼ ਕੀਤੀ ਸੀ ਕਿ ਸ਼ਰੀਫ ਨੂੰ ਮੈਡੀਕਲ ਦੇਖਭਾਲ ਦੀ ਲੋੜ ਹੈ ਕਿਉਂਕਿ ਉਨ੍ਹਾਂ ਦੀਆਂ ਦੋਵਾਂ ਬਾਹਾਂ 'ਚ ਤੇਜ਼ ਦਰਦ ਹੈ, ਜੋ ਕਿ ਸ਼ਾਇਦ ਖੂਨ ਸੰਚਾਰ ਦੀ ਕਮੀ ਕਰਕੇ ਸੀ। ਪਿਛਲੇ ਹਫਤੇ ਖਬਰ ਆਈ ਸੀ ਸ਼ਰੀਫ ਦੇ ਗੁਰਦੇ ਖਰਾਬ ਹੋਣ ਦੀ ਕਗਾਰ 'ਤੇ ਹਨ ਤੇ ਡਾਕਟਰਾਂ ਨੇ ਸਲਾਹ ਦਿੱਤੀ ਸੀ ਕਿ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਜਾਣਾ ਚਾਹੀਦਾ ਹੈ।
ਪੰਜਾਬ ਦੇ ਗ੍ਰਹਿ ਮੰਤਰੀ ਸ਼ੌਕਤ ਜਾਵੇਦ ਨੇ ਸਰਕਾਰੀ ਪੀ.ਟੀ.ਵੀ. ਨੂੰ ਕਿਹਾ ਕਿ ਜਾਂਚ ਤੋਂ ਬਾਅਦ ਸ਼ਰੀਫ ਨੂੰ ਹਸਪਤਾਲ ਦਾਖਲ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰੀਫ ਕਿੰਨੇ ਦਿਨ ਹਸਪਤਾਲ 'ਚ ਰਹਿਣਗੇ, ਇਹ ਡਾਕਟਰ ਤੈਅ ਕਰਨਗੇ। ਜਾਵੇਦ ਨੇ ਪਹਿਲਾਂ ਕਿਹਾ ਸੀ ਕਿ ਸ਼ਰੀਫ ਨੂੰ ਇਸਲਾਮਾਬਾਦ ਦੇ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਈਂਸ 'ਚ ਦਾਖਲ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਡਾ. ਐਜਾਜ਼ ਕਾਦਿਰ ਦੀ ਅਗਵਾਈ 'ਚ ਡਾਕਟਰਾਂ ਦੀ ਇਕ ਟੀਮ ਨੇ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸ਼ਰੀਫ ਦਾ ਮੈਡੀਕਲ ਚੈੱਕ-ਅਪ ਕੀਤਾ ਸੀ।