• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਵੱਡੀ ਬੁਰਾਈ ਲਈ ਰਸਤਾ ਖੋਲ੍ਹ ਦਿੰਦੀ ਹੈ ਛੋਟੀ ਬੁਰਾਈ

  

Share
  ਨੌਸ਼ੇਰਵਾਂ ਈਰਾਨ ਦਾ ਬਹੁਤ ਇਨਸਾਫ-ਪਸੰਦ ਬਾਦਸ਼ਾਹ ਸੀ। ਛੋਟੀਆਂ ਤੋਂ ਛੋਟੀਆਂ ਚੀਜ਼ਾਂ ਵਿਚ ਵੀ ਇਨਸਾਨ ਦੀ ਕਮਾਨ ਉਸ ਦੇ ਹੱਥ ਵਿਚ ਰਹਿੰਦੀ ਸੀ। ਸਭ ਤੋਂ ਜ਼ਿਆਦਾ ਧਿਆਨ ਉਹ ਆਪਣੇ ਆਚਰਣ 'ਤੇ ਰੱਖਦਾ ਸੀ।
ਇਕ ਵਾਰ ਬਾਦਸ਼ਾਹ ਜੰਗਲ ਦੀ ਸੈਰ ਕਰਨ ਗਿਆ। ਉਸ ਦੇ ਨਾਲ ਕੁਝ ਨੌਕਰ ਵੀ ਸਨ। ਘੁੰਮਦੇ-ਘੁੰਮਦੇ ਉਹ ਸ਼ਹਿਰ ਤੋਂ ਕਾਫੀ ਦੂਰ ਨਿਕਲ ਗਿਆ। ਇਸ ਦੌਰਾਨ ਬਾਦਸ਼ਾਹ ਨੂੰ ਭੁੱਖ ਲੱਗੀ। ਉਸ ਨੇ ਸੇਵਕਾਂ ਨੂੰ ਕਿਹਾ ਕਿ ਇਥੇ ਹੀ ਭੋਜਨ ਤਿਆਰ ਕਰਨ ਦਾ ਪ੍ਰਬੰਧ ਕੀਤਾ ਜਾਵੇ।
ਭੋਜਨ ਉੱਥੇ ਹੀ ਤਿਆਰ ਕੀਤਾ ਗਿਆ। ਬਾਦਸ਼ਾਹ ਜਦੋਂ ਭੋਜਨ ਕਰਨ ਬੈਠਾ ਤਾਂ ਉਸ ਨੂੰ ਸਬਜ਼ੀ ਵਿਚ ਲੂਣ ਘੱਟ ਲੱਗਾ। ਉਸ ਨੇ ਸੇਵਕਾਂ ਨੂੰ ਕਿਹਾ ਕਿ ਜਾਓ ਅਤੇ ਪਿੰਡ 'ਚੋਂ ਲੂਣ ਲੈ ਕੇ ਆਓ।
ਪਿੰਡ ਥੋੜ੍ਹੀ ਹੀ ਦੂਰ ਸੀ। ਨੌਕਰ ਜਾਣ ਲੱਗਾ ਤਾਂ ਬਾਦਸ਼ਾਹ ਨੇ ਕਿਹਾ,''ਦੇਖ, ਜਿੰਨਾ ਲੂਣ ਲਿਆਵੇਂ ਓਨਾ ਪੈਸਾ ਦੇ ਆਵੀਂ।''
ਨੌਕਰ ਨੇ ਇਹ ਸੁਣਿਆ ਤਾਂ ਬਾਦਸ਼ਾਹ ਵੱਲ ਦੇਖਿਆ। ਬੋਲਿਆ, ''ਸਰਕਾਰ, ਲੂਣ ਵਰਗੀ ਚੀਜ਼ ਲਈ ਕੌਣ ਪੈਸਾ ਲਵੇਗਾ? ਤੁਸੀਂ ਉਸ ਦੀ ਚਿੰਤਾ ਕਿਉਂ ਕਰਦੇ ਹੋ?''
ਬਾਦਸ਼ਾਹ ਨੇ ਕਿਹਾ,''ਨਹੀਂ, ਤੂੰ ਉਸ ਨੂੰ ਪੈਸੇ ਦੇ ਕੇ ਆਵੀਂ।''
ਨੌਕਰ ਬੜੇ ਆਦਰ ਨਾਲ ਬੋਲਿਆ, ''ਹਜ਼ੂਰ, ਜੋ ਤੁਹਾਨੂੰ ਲੂਣ ਦੇਵੇਗਾ, ਉਸ ਨੂੰ ਕੋਈ ਫਰਕ ਨਹੀਂ ਪਵੇਗਾ, ਉਲਟਾ ਖੁਸ਼ੀ ਹੋਵੇਗੀ ਕਿ ਉਹ ਬਾਦਸ਼ਾਹ ਦੀ ਸੇਵਾ 'ਚ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ।''
ਇਸ 'ਤੇ ਬਾਦਸ਼ਾਹ ਬੋਲਿਆ, ''ਇਹ ਨਾ ਭੁੱਲ ਕਿ ਛੋਟੀਆਂ ਚੀਜ਼ਾਂ ਨਾਲ ਹੀ ਵੱਡੀਆਂ ਚੀਜ਼ਾਂ ਬਣਦੀਆਂ ਹਨ। ਛੋਟੀ ਬੁਰਾਈ ਵੱਡੀ ਬੁਰਾਈ ਲਈ ਰਸਤਾ ਖੋਲ੍ਹਦੀ ਹੈ। ਜੇ ਮੈਂ ਕਿਸੇ ਦਰੱਖਤ ਤੋਂ ਇਕ ਫਲ ਤੋੜਦਾ ਹਾਂ ਤਾਂ ਮੇਰੇ ਸਿਪਾਹੀ ਉਸ ਦਰੱਖਤ 'ਤੇ ਇਕ ਵੀ ਫਲ ਨਹੀਂ ਛੱਡਣਗੇ। ਸੰਭਵ ਹੈ ਕਿ ਬਾਲਣ ਲਈ ਦਰੱਖਤ ਨੂੰ ਵੱਢ ਕੇ ਲੈ ਜਾਣ।''
ਠੀਕ ਹੈ ਇਕ ਫਲ ਦੀ ਕੋਈ ਕੀਮਤ ਨਹੀਂ ਹੁੰਦੀ ਪਰ ਬਾਦਸ਼ਾਹ ਦੀ ਜ਼ਰਾ ਜਿੰਨੀ ਗੱਲ ਨਾਲ ਕਿੰਨੀ ਵੱਡੀ ਬੇਇਨਸਾਫੀ ਹੋ ਸਕਦੀ ਹੈ। ਜੋ ਹਕੂਮਤ ਦੀ ਗੱਦੀ 'ਤੇ ਬੈਠਦਾ ਹੈ, ਉਸ ਨੂੰ ਹਰ ਪਲ ਚੌਕਸ ਰਹਿਣਾ ਪੈਂਦਾ ਹੈ।