• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਸਿਹਤ ਦੀ ਸੰਭਾਲ ਲਈ ਯੋਗਾ ਜ਼ਰੂਰੀ

  

Share
  ਸਾਡੀ ਰਹਿਣੀ-ਬਹਿਣੀ ਅਤੇ ਪ੍ਰਦੂਸ਼ਿਤ ਵਾਤਾਵਰਣ ਦੇ ਕਾਰਨ ਸਮਾਜ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਜਨਮ ਲੈ ਰਹੀਆਂ ਹਨ। ਫਾਸਟਫੂਡ ਅਤੇ ਨਸ਼ਿਆਂ ਦੇ ਸੇਵਨ ਕਾਰਨ ਵੀ ਸਿਹਤ ਸਮੱਸਿਆਵਾਂ ਉਪਜ ਰਹੀਆਂ ਹਨ। ਕਸਰਤ ਵੱਲ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ। ਖੇਡਾਂ ਵਿੱਚ ਸੰਸਾਰ ਪੱਧਰ ’ਤੇ ਭਾਰਤੀ ਨੌਜਵਾਨ ਕੋਈ ਖਾਸ ਮੁਕਾਮ ਨਹੀਂ ਬਣਾ ਸਕੇ। ਸਵ. ਸ਼੍ਰੀ ਦਾਰਾ ਸਿੰਘ ਅਤੇ ਸ਼੍ਰੀ ਕਰਤਾਰ ਸਿੰਘ ਜਿਹੇ ਕੁਝ ਕੁ ਖਿੜਾਰੀ ਹੀ ਹਨ, ਜਿਨ੍ਹਾਂ ਨੇ ਸੰਸਾਰ ਪੱਧਰ ’ਤੇ ਨਾਮ ਕਮਾਇਆ ਹੈ। ਅਜਿਹਾ ਕਿਉਂ ਹੈ? ਸਾਡੇ ਦੇਸ਼ ਦੀ ਸਾਰੀ ਦੀ ਸਾਰੀ ਖੇਤੀਬਾੜੀ ਜ਼ਹਿਰੀਲੀ ਹੋ ਚੁੱਕੀ ਹੈ। ਕਾਰਨ ਹਨ ਖਾਦਾਂ ਅਤੇ ਕੀਟਨਾਸ਼ਕਾਂ ਦੀ ਹੋ ਰਹੀ ਅੰਨ੍ਹੇਵਾਹ ਵਰਤੋਂ। ਡਾਕਟਰ ਦੱਸਦੇ ਹਨ ਕਿ ਸਰੀਰ ਨੂੰ ਅਰੋਗ ਰੱਖਣ ਲਈ ਕਸਰਤ ਜ਼ਰੂਰੀ ਹੈ। ਸੈਰ ਕਰਨੀ ਵੀ ਕਸਰਤ ਦਾ ਹੀ ਹਿੱਸਾ ਹੈ, ਪਰ ਕਸਰਤ ਵੀ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਈ ਹੈ। ਸਾਡੇ ਖੁਰਾਕੀ ਤੱਤਾਂ ਵਿੱਚ ਤਾਕਤ ਨਹੀਂ ਹੈ, ਜਿਸ ਕਾਰਨ ਸਾਡੇ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਅਤੇ ਰੋਗ ਸਾਡੇ ਸਰੀਰ ’ਤੇ ਹਾਵੀ ਹੋ ਜਾਂਦੇ ਹਨ। ਪ੍ਰਾਚੀਨ ਕਾਲ ਵਿੱਚ ਮਨੁੱਖ ਨੇ ਸਰੀਰ ਦੀ ਅਰੋਗਤਾ ਲਈ ਯੋਗਾ ਆਸਨ ਪ੍ਰਣਾਲੀ ਵਿਕਸਤ ਕਰ ਲਈ ਸੀ। ਸਭ ਤੋਂ ਪਹਿਲਾਂ ਪ੍ਰਾਚੀਨ ਰਿਸ਼ੀਆਂ-ਮੁਨੀਆਂ ਨੇ ਹੀ ਯੋਗਾ ਨੂੰ ਅਪਣਾਇਆ ਸੀ। ਪ੍ਰਾਚੀਨ ਗ੍ਰੰਥਾਂ ਵਿੱਚ ਦੱਸਿਆ ਗਿਆ ਹੈ ਕਿ ਯੋਗਾ ਦੁਆਰਾ ਸਰੀਰ ਦੀ ਅੰਦਰੂਨੀ ਸਫਾਈ ਵੀ ਕੀਤੀ ਜਾਂਦੀ ਸੀ, ਜਿਸ ਕਾਰਨ ਮਨੁੱਖ ਦਾ ਪੇਟ ਬੀਮਾਰੀਆਂ ਤੋਂ ਰਹਿਤ ਰਹਿੰਦਾ ਸੀ। ਸਿਹਤ-ਸੰਭਾਲ ਲਈ ਜੜੀ-ਬੂਟੀਆਂ ’ਤੇ ਆਧਾਰਤ ਦਵਾਈਆਂ ਵਰਤੀਆਂ ਜਾਂਦੀਆਂ ਸਨ ਅਤੇ ਯੋਗਾ ਦਾ ਵੀ ਸਿਹਤ ਦੀ ਤੰਦਰੁਸਤੀ ਲਈ ਜੀਵਨ ਵਿੱਚ ਖਾਸ ਮੁਕਾਮ ਸੀ। ਅੱਜ ਪ੍ਰਦੂਸ਼ਣ ਕਾਰਨ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਨਾਲ ਮਨੁੱਖ ਦਾ ਸਾਹਮਣਾ ਹੋ ਰਿਹਾ ਹੈ ਅਤੇ ਮੈਡੀਕਲ ਦੀ ਦੁਨੀਆ ਵਿੱਚ ਤਰ੍ਹਾਂ-ਤਰ੍ਹਾਂ ਦੇ ਇਲਾਜ ਵੀ ਹੋ ਰਹੇ ਹਨ, ਪਰ ਅੱਜ ਇਲਾਜ ਬਹੁਤ ਮਹਿੰਗਾ ਹੈ। ਦਵਾਈਆਂ ਵੀ ਮਹਿੰਗੀਆਂ ਹਨ। ਮਹਿੰਗਾ ਇਲਾਜ ਗਰੀਬਾਂ ਦੇ ਵੱਸ ਦੀ ਗੱਲ ਨਹੀਂ ਰਹੀ। ਅੱਜ ਸਸਤਾ ਇਲਾਜ ਕੇਵਲ ਝੋਲਾ-ਸ਼ਾਪ ਡਾਕਟਰਾਂ ਕੋਲ ਹੀ ਮੌਜੂਦ ਹੈ, ਜੋ ਕਿ ਜਾਨ-ਲੇਵਾ ਸਿੱਧ ਹੋ ਚੁੱਕਾ ਹੈ। ਪ੍ਰਦੂਸ਼ਿਤ ਵਾਤਾਵਰਣ ਕਾਰਨ ਬੀਮਾਰੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਵਲ ਹਸਪਤਾਲਾਂ ਅਤੇ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਵਾ ਛੋਟੇ-ਵੱਡੇ ਡਾਕਟਰਾਂ ਕੋਲ ਮਰੀਜ਼ਾਂ ਦੀ ਭੀੜ ਲੱਗੀ ਰਹਿੰਦੀ ਹੈ। ਇਸ ਤੋਂ ਸਾਫ ਜ਼ਾਹਿਰ ਹੋ ਜਾਂਦਾ ਹੈ ਕਿ ਸਰੀਰਕ ਤੰਦਰੁਸਤੀ ਵਿੱਚ ਬਹੁਤ ਵਿਕਾਰ ਆ ਚੁੱਕੇ ਹਨ। ਅੱਜ ਦੇ ਪ੍ਰਦੂਸ਼ਿਤ ਹੋ ਚੁੱਕੇ ਵਾਤਾਵਰਣ ਵਿੱਚ ਸਰੀਰਕ ਤੰਦਰੁਸਤੀ ਲਈ ਦੋ ਚੀਜ਼ਾਂ ਦੀ ਮੁੱਖ ਤੌਰ ’ਤੇ ਜ਼ਰੂਰਤ ਹੈ। ਇੱਕ ਜੈਵਿਕ ਖੇਤੀ ਅਤੇ ਦੂਜਾ ਯੋਗਾ। ਜਿਸ ਤਰ੍ਹਾਂ ਅੱਜ ਜੈਵਿਕ ਖੇਤੀ ਸਮੇਂ ਦੀ ਲੋੜ ਬਣ ਚੁੱਕੀ ਹੈ, ਉਸੀ ਤਰ੍ਹਾਂ ਯੋਗਾ ਵੀ ਸਾਡੀ ਸਰੀਰਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਇਸ ਲਈ ਯੋਗਾ ਦੀ ਸ਼ੁਰੂਆਤ ਸਕੂਲਾਂ ਤੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਕੇਂਦਰ ਅਤੇ ਰਾਜ ਰਕਾਰਾਂ ਵਲੋਂ ਯੋਗਾ ਨੂੰ ਮਨਜ਼ੂਰ ਕਰਕੇ ਸਿੱਖਿਆ ਸਿਲੇਬਸ ਵਿੱਚ ਸ਼ਾਮਲ ਕਰਨ ਦੀਆਂ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਪ੍ਰਾਇਮਰੀ ਸਕੂਲ ਤੋਂ ਲੈ ਕੇ ਕਾਲਜ ਤਕ ਹਰ ਕਲਾਸ ਵਿੱਚ ਯੋਗਾ ਨੂੰ ਸ਼ਾਮਲ ਕਰ ਦਿੱਤਾ ਜਾਵੇ। ਇਸ ਤਰ੍ਹਾਂ ਬਚਪਨ ਤੋਂ ਹੀ ਯੋਗਾ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਵੇਗਾ। ਸਾਡੇ ਸਮਾਜ ਵਿੱਚ ਹਰ ਘਰ ਵਿੱਚ ਛੋਟੇ-ਵੱਡੇ, ਇਸਤਰੀ, ਪੁਰਸ਼ ਅਤੇ ਬੱਚਿਆਂ ਨੂੰ ਯੋਗਾ ਅਪਣਾਉਣਾ ਚਾਹੀਦਾ ਹੈ। ਇਹ ਸਿੱਧ ਹੋ ਚੁੱਕਾ ਹੈ ਕਿ ਯੋਗਾ ਸਿਹਤ-ਸੰਭਾਲ ਦੀ ਕੁੰਜੀ ਹੈ। ਇਸ ਲਈ ਨਸ਼ਿਆਂ ਨੂੰ ਤਿਆਗ ਕੇ, ਯੋਗਾ ਨੂੰ ਅਪਣਾ ਕੇ ਹੀ ਅਸੀਂ ਹਰ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਛੁੱਟਾਕਾਰਾ ਪਾ ਸਕਦੇ ਹਾਂ ਅਤੇ ਨਰੋਏ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ‘ਔਲਖ’