• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਤਾਈਵਾਨ ਭੂਚਾਲ: ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 9

  

Share
  ਹੁਆਲੀਨ (ਬੁਲੰਦ ਟੀਵੀ ਚੈਨਲ) ਤਾਈਵਾਨ ਦੇ ਤਟਵਰਤੀ ਸ਼ਹਿਰ ਹੁਆਲੀਨ ਵਿਚ ਆਏ ਜ਼ਬਰਦਸਤ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 9 ਹੋ ਗਈ ਹੈ, ਜਦੋਂਕਿ 62 ਲੋਕ ਅਜੇ ਵੀ ਲਾਪਤਾ ਹਨ। ਰਾਹਤ ਅਤੇ ਬਚਾਅ ਕਰਮਚਾਰੀ ਭੂਚਾਲ ਕਾਰਨ ਨੁਕਸਾਨੀਆਂ ਗਈਆਂ ਇਮਾਰਤਾਂ ਦੇ ਮਲਬੇ ਨੂੰ ਹਟਾ ਕੇ ਲੋਕਾਂ ਨੂੰ ਕੱਢਣ ਵਿਚ ਲੱਗੇ ਹੋਏ ਹਨ। ਅਧਿਕਾਰਤ ਸੂਤਰਾਂ ਮੁਤਾਬਕ ਤਾਈਵਾਨ ਦੇ ਹੁਆਲੀਨ ਵਿਚ ਕੱਲ ਭਾਵ ਬੁੱਧਵਾਰ ਦੇਰ ਰਾਤ ਨੂੰ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਆਖਰੀ ਵਾਰ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.7 ਮਾਪੀ ਗਈ ਸੀ। ਅੱਜ ਤੜਕੇ ਵੀ ਭੂਚਾਲ ਦੇ ਕਈ ਹਲਕੇ ਝਟਕੇ ਮਹਿਸੂਸ ਕੀਤੇ ਗਏ। ਦੱਸਣਯੋਗ ਹੈ ਕਿ ਮੰਗਲਵਾਰ ਰਾਤ ਲੱਗਭਗ 9:30 ਵਜੇ 6.4 ਤੀਬਰਤਾ ਵਾਲੇ ਭੂਚਾਲ ਦੇ ਸ਼ੁਰੂਆਤੀ ਜ਼ਬਰਦਸਤ ਝਟਕਿਆਂ ਨਾਲ ਸ਼ਹਿਰ ਦੀਆਂ 4 ਇਮਾਰਤਾਂ ਢਹਿ ਗਈਆਂ, ਜਿਸ ਨਾਲ 265 ਲੋਕ ਜ਼ਖਮੀ ਹੋ ਗਏ। ਜ਼ਖਮੀ ਲੋਕਾਂ ਵਿਚ ਚੀਨ, ਚੇਕ, ਜਾਪਾਨ, ਸਿੰਗਾਪੁਰ ਅਤੇ ਦੱਖਣੀ ਕੋਰੀਆ ਦੇ ਨਾਗਰਿਕ ਸ਼ਾਮਲ ਹਨ। ਹੁਆਲੀਨ ਦੇ ਮੇਅਰ ਫੁ ਕੁੰਚੀ ਨੇ ਕਿਹਾ ਕਿ ਲਾਪਤਾ ਲੋਕਾਂ ਦੀ ਗਿਣਤੀ ਹੁਣ 62 ਦੇ ਕਰੀਬ ਹੈ, ਹਾਲਾਂਕਿ ਲਾਪਤਾ ਲੋਕਾਂ ਦੀ ਮੌਜੂਦਾ ਗਿਣਤੀ ਉਪਲੱਬਧ ਨਹੀਂ ਕਰਾਈ ਗਈ ਹੈ।
ਇਸ ਤੋਂ ਪਹਿਲਾਂ 150 ਲੋਕ ਲਾਪਤਾ ਦੱਸੇ ਜਾ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਅਜੇ ਵੀ ਕਾਫੀ ਲੋਕ ਢਹਿ ਗਈ ਇਮਾਰਤਾਂ ਦੇ ਮਲਬੇ ਵਿਚ ਫਸੇ ਹੋਏ ਹਨ। ਹੁਆਲੀਨ ਦੀ ਆਬਾਦੀ ਕਰੀਬ 1 ਲੱਖ ਹੈ। ਭੂਚਾਲ ਕਾਰਨ ਲੱਗਭਗ 40 ਹਜ਼ਾਰ ਘਰਾਂ ਵਿਚ ਪਾਣੀ ਅਤੇ 1900 ਘਰਾਂ ਵਿਚ ਬਿਜਲੀ ਦੀ ਸਪਲਾਈ ਠੱਪ ਹੋ ਗਈ ਸੀ। ਇਨ੍ਹਾਂ ਵਿਚੋਂ 5000 ਘਰਾਂ ਦੀ ਪਾਣੀ ਦੀ ਸਪਲਾਈ ਅਤੇ 1700 ਘਰਾਂ ਦੀ ਬਿਜਲੀ ਸਪਲਾਈ ਬਹਾਲ ਹੋ ਚੁੱਕੀ ਹੈ। ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਨੇ ਪ੍ਰਭਾਵਿਤ ਸਥਾਨਾਂ ਦਾ ਦੌਰਾ ਕੀਤਾ ਅਤੇ ਰਾਹਤ ਅਤੇ ਬਚਾਅ ਕੰਮਾਂ ਦਾ ਜਾਇਜ਼ਾ ਲਿਆ। ਰਾਸ਼ਟਰਪਤੀ ਦਫਤਰ ਨੇ ਬਿਆਨ ਵਿਚ ਕਿਹਾ, ਰਾਸ਼ਟਰਪਤੀ ਨੇ ਕੈਬਨਿਟ ਅਤੇ ਸਬੰਧਤ ਮੰਤਰਾਲਿਆਂ ਨੂੰ ਆਫਤ ਰਾਹਤ ਕੰਮ ਤੇਜ਼ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਤਾਈਵਾਨ ਵਿਚ 2016 ਵਿਚ ਆਏ ਭੂਚਾਲ ਨਾਲ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਇਲਾਵਾ 1999 ਦੇ ਜਬਰਦਸਤ ਭੂਚਾਲ ਵਿਚ 2000 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।