• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਮਾਲਦੀਵ 'ਚ ਗਰਮਾਇਆ ਸਿਆਸੀ ਸੰਕਟ

  

Share
  ਮਾਲੇ (ਬੁਲੰਦ ਟੀਵੀ ਚੈਨਲ) ਮਾਲਦੀਵ 'ਚ ਸਿਆਸੀ ਸੰਕਟ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇੱਥੋਂ ਦੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਵੱਲੋਂ ਐਮਰਜੈਂਸੀ ਦੀ ਘੋਸ਼ਣਾ ਦੇ ਕੁੱਝ ਘੰਟਿਆਂ ਦੇ ਬਾਅਦ ਹੀ ਦੇਸ਼ ਦੇ ਚੀਫ ਜਸਟਿਸ ਅਬਦੁੱਲਾ ਸਈਦ ਅਤੇ ਸੁਪਰੀਮ ਕੋਰਟ ਦੇ ਇਕ ਹੋਰ ਜੱਜ ਨੂੰ ਮੰਗਲਵਾਰ ਤੜਕੇ ਗ੍ਰਿਫਤਾਰ ਕਰ ਲਿਆ ਗਿਆ। ਸੁਰੱਖਿਆ ਬਲਾਂ ਦੀ ਰਾਜਧਾਨੀ ਮਾਲੇ 'ਚ ਸਥਿਤ ਉੱਚ ਅਦਾਲਤ ਕੰਪਲੈਕਸ 'ਚ ਪੁੱਜਣ ਦੇ ਬਾਅਦ ਪੁਲਸ ਨੇ ਇਕ ਬਿਆਨ 'ਚ ਕਿਹਾ ਹੈ ਕਿ ਨਿਆਂਮੂਰਤੀ ਅਬਦੁੱਲਾ ਸਈਦ ਅਤੇ ਨਿਆਂਮੂਰਤੀ ਅਲੀ ਹਮੀਦ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਹਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੌਮੂਨ ਅਬਦੁਲ ਗਯੂਮ ਨੂੰ ਮਾਲੇ 'ਚ ਸਥਿਤ ਉਨ੍ਹਾਂ ਦੇ ਘਰ ਤੋਂ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਸੰਬੰਧੀ ਜਾਣਕਾਰੀ ਉਨ੍ਹਾਂ ਦੀ ਧੀ ਯੂਨਾ ਨੇ ਟਵਿਟਰ 'ਤੇ ਦਿੱਤੀ ਸੀ। ਸੰਸਦ ਦੇ ਸਾਬਕਾ ਸਪੀਕਰ ਅਬਦੁੱਲਾ ਸ਼ਾਹੀਦ ਨੇ ਵੀ ਟਵੀਟ ਕਰਕੇ ਸਾਬਕਾ ਰਾਸ਼ਟਰਪਤੀ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਜਵਾਈ ਨੂੰ ਮਾਲਦੀਵ ਦੀ ਸਪੈਸ਼ਲ ਆਪਰੇਸ਼ਨ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। 30 ਸਾਲਾਂ ਤਕ ਮਾਲਦੀਵ ਦੇ ਰਾਸ਼ਟਰਪਤੀ ਰਹੇ 80 ਸਾਲਾ ਅਬਦੁਲ ਗਯੂਮ ਰਾਸ਼ਟਰਪਤੀ ਅਬਦੁੱਲਾ ਯਾਮੀਨ ਦੇ ਮਤਰੇਏ ਭਰਾ ਹਨ।
ਇਸ ਤੋਂ ਪਹਿਲਾਂ ਮਾਲਦੀਵ ਦੇ ਕਾਨੂੰਨ ਮੰਤਰੀ ਅਜ਼ੀਮਾ ਸ਼ੁਕੁਰ ਨੇ ਐਮਰਜੈਂਸੀ ਦਾ ਐਲਾਨ ਕੀਤਾ ਸੀ ਜੋ15 ਦਿਨਾਂ ਤਕ ਜਾਰੀ ਰਹੇਗੀ। ਇਸ ਮੁਤਾਬਕ ਸੁਰੱਖਿਆ ਫੌਜ ਨੂੰ ਹੁਕਮ ਹੈ ਕਿ ਉਹ ਕਿਸੇ ਵੀ ਸ਼ੱਕੀ ਨੂੰ ਹਿਰਾਸਤ 'ਚ ਲੈ ਸਕਦੀ ਹੈ। ਜ਼ਿਕਰਯੋਗ ਹੈ ਕਿ ਸਰਕਾਰ ਸੰਸਦ ਨੂੰ ਪਹਿਲਾਂ ਹੀ ਭੰਗ ਕਰ ਚੁੱਕੀ ਹੈ। ਫੌਜ ਨੇ ਸੰਸਦ 'ਤੇ ਕਬਜ਼ਾ ਕਰ ਲਿਆ ਹੈ। ਭਾਰਤ ਨੇ ਮਾਲਦੀਵ ਦੀ ਸਥਿਤੀ ਨੂੰ ਦੇਖਦੇ ਹੋਇਆਂ ਆਪਣੇ ਨਾਗਰਿਕਾਂ ਨੂੰ ਕਿਹਾ ਕਿ ਜੇਕਰ ਜ਼ਰੂਰੀ ਨਾ ਹੋਵੇ ਤਾਂ ਉਹ ਉੱਥੋਂ ਦੀ ਯਾਤਰਾ ਨਾ ਕਰਨ।