• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਆਖਰਕਾਰ ਸਿਦਕ ਨੂੰ ਮਿਲਿਆ ਸਕੂਲ 'ਚ ਦਾਖਲਾ

  

Share
  ਮੈਲਬੌਰਨ (ਬੁਲੰਦ ਟੀਵੀ ਚੈਨਲ) ਵਿਦੇਸ਼ਾਂ 'ਚ ਅਕਸਰ ਸਰਦਾਰਾਂ ਦੀ ਪੱਗ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੁੰਦੇ ਰਹੇ ਹਨ। ਹਵਾਈ ਜਹਾਜ਼ਾਂ 'ਚ ਸਫਰ ਦੌਰਾਨ ਅਤੇ ਸਕੂਲਾਂ, ਕਾਲਜਾਂ 'ਚ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨਾਲ ਅਕਸਰ ਵਿਤਕਰੇ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ ਪਰ ਪੱਗ ਦੀ ਲੜਾਈ ਜਿੱਤਣਾ ਸੌਖਾ ਕੰਮ ਨਹੀਂ ਹੈ। ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਰਹਿਣ ਵਾਲੇ ਸਿਦਕ ਸਿੰਘ ਅਰੋੜਾ ਨਾਂ ਦੇ ਮੁੰਡੇ ਦੇ ਮਾਪਿਆਂ ਨੇ ਪੱਗ ਦੇ ਹੱਕ ਦੀ ਲੜਾਈ ਲੜੀ। ਅੱਜ ਸਿਦਕ ਸਿੰਘ ਨੂੰ ਉਸੇ ਸਕੂਲ 'ਚ ਹੀ ਦਾਖਲਾ ਮਿਲ ਗਿਆ ਹੈ, ਜਿੱਥੇ ਸਕੂਲ ਵਲੋਂ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

ਦੱਸਣਯੋਗ ਹੈ ਕਿ ਮੈਲਬੌਰਨ ਸ਼ਹਿਰ 'ਚ ਸਥਿਤ ਮੈਲਟਨ ਕ੍ਰਿਸ਼ਚੀਅਨ ਸਕੂਲ ਨੇ ਪਿਛਲੇ ਸਾਲ 5 ਸਾਲਾ ਵਿਦਿਆਰਥੀ ਸਿਦਕ ਸਿੰਘ ਦੇ ਪਟਕਾ ਬੰਨਣ ਕਾਰਨ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸਕੂਲ ਦਾ ਕਹਿਣਾ ਸੀ ਕਿ ਇਹ ਅਦਾਰੇ ਦੀ ਵਰਦੀ ਨੀਤੀ ਦੇ ਦਾਇਰੇ 'ਚ ਨਹੀਂ ਆਉਂਦਾ, ਇਸ ਮਗਰੋਂ ਸਿਦਕ ਦੇ ਪਿਤਾ ਸਾਗਰਦੀਪ ਸਿੰਘ ਅਰੋੜਾ ਨੇ ਇਸ ਪਾਬੰਦੀ ਵਿਰੁੱਧ ਵਿਕਟੋਰੀਅਨ ਸਿਵਲ ਅਤੇ ਪ੍ਰਸ਼ਾਸਨਕ ਟ੍ਰਿਬਿਊਨਲ 'ਚ ਇਸ ਮਾਮਲੇ ਦੇ ਸੰਬੰਧ 'ਚ ਕੇਸ ਦਾਇਰ ਕੀਤਾ ਸੀ।
ਟ੍ਰਿਬਿਊਨਲ ਨੇ ਇਸ ਨੂੰ ਬਰਾਬਰਤਾ ਕਾਨੂੰਨ ਦੀ ਸਿੱਧੇ ਤੌਰ 'ਤੇ ਉਲੰਘਣਾ ਦੱਸਿਆ ਸੀ ਅਤੇ ਸਿਦਕ ਦੇ ਪਿਤਾ ਦੇ ਹੱਕ ਵਿਚ ਫੈਸਲਾ ਸੁਣਾਇਆ। ਅਦਾਲਤ ਵਲੋਂ ਸਿੱਖ ਵਿਦਿਆਰਥੀ ਦੇ ਹੱਕ 'ਚ ਆਏ ਫੈਸਲੇ ਬਾਰੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਤਸੱਲੀ ਪ੍ਰਗਟਾਈ। ਇਸ ਫੈਸਲੇ ਮਗਰੋਂ ਸਕੂਲ ਨੇ ਸਿਦਕ ਨੂੰ ਪਟਕਾ ਬੰਨ ਕੇ ਆਉਣ ਦੀ ਇਜਾਜ਼ਤ ਦਿੱਤੀ। ਸਕੂਲ ਨੇ ਇਕ ਨਵੀਂ ਨੀਤੀ ਵਿਚ ਸਿਦਕ ਦੀ ਭਰਤੀ ਕਰਨ ਲਈ ਆਪਣੀ ਇਕਸਾਰ ਨੀਤੀ ਬਦਲ ਦਿੱਤੀ ਹੈ। ਦਰਅਸਲ ਸਕੂਲ ਘਰ ਦੇ ਨੇੜੇ ਹੋਣ ਕਾਰਨ ਅਰੋੜਾ ਪਤੀ-ਪਤਨੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਸਿੱਖ ਬੱਚਾ ਇਸੇ ਸਕੂਲ ਵਿਚ ਪੜ੍ਹਾਈ ਕਰੇ। ਉਨ੍ਹਾਂ ਦੀ ਇਹ ਗੱਲ ਪੂਰੀ ਹੋਈ ਅਤੇ ਬੱਚੇ ਨੂੰ ਸਕੂਲ 'ਚ ਦਾਖਲਾ ਮਿਲ ਗਿਆ ਹੈ। ਸਿਦਕ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਵੱਡੀ ਖੁਸ਼ੀ ਹੈ ਕਿ ਸਾਡੇ ਬੱਚੇ ਨੂੰ ਸਕੂਲ 'ਚ ਦਾਖਲਾ ਮਿਲ ਗਿਆ, ਜਿੱਥੇ ਅਸੀਂ ਚਾਹੁੰਦੇ ਸੀ। ਅੱਜ ਸਿਦਕ ਦਾ ਸਕੂਲ 'ਚ ਪਹਿਲਾ ਦਿਨ ਹੈ।