• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਯੂਨੀਵਰਸਿਟੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਦੇਵੇ 300 ਕਰੋੜ

  

Share
  ਪਟਿਆਲਾ (ਬੁਲੰਦ ਟੀਵੀ ਚੈਨਲ) ਪੰਜਾਬੀ ਯੂਨੀਵਰਸਿਟੀ ਦੀ ਸੁਪਰੀਮ ਬਾਡੀ ਸਿੰਡੀਕੇਟ ਵਿਚ ਯੂਨੀਵਰਸਿਟੀ ਦੇ ਵਿੱਤੀ ਸੰਕਟ ਦਾ ਮੁੱਦਾ ਪੂਰੀ ਤਰ੍ਹਾਂ ਛਾਇਆ ਰਿਹਾ ਤੇ ਸਿੰਡੀਕੇਟ ਨੇ ਸਰਬਸੰਮਤੀ ਨਾਲ ਯੂਨੀਵਰਸਿਟੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਤਂੋ 300 ਕਰੋੜ ਰੁਪਏ ਤੇ ਪੈਕੇਜ ਦੀ ਮੰਗ ਕੀਤੀ ਤਾਂ ਜੋ ਵਿੱਤੀ ਸੰਕਟ ਕਾਰਨ ਦਮ ਤੋੜ ਰਹੀ ਯੂਨੀਵਰਸਿਟੀ ਨੂੰ ਬਚਾਇਆ ਜਾ ਸਕੇ। ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਚੇਅਰਮੈਨਸ਼ਿਪ ਹੇਠ ਯੂਨੀਵਰਸਿਟੀ ਵਿਚ ਹੋ ਰਹੀ ਇਸ ਢਾਈ ਘੰਟੇ ਚੱਲੀ ਸਿੰਡੀਕੇਟ ਨੇ ਪਹਿਲੀ ਮੀਟਿੰਗ ਦੌਰਾਨ ਪੈਂਡਿੰਗ ਪਏ 8 ਮਤੇ ਵਿਚਾਰ ਕੇ ਏਜੰਡੇ ਵਿਚ ਆਏ ਸਮੁੱਚੇ ਮਤਿਆਂ 'ਤੇ ਮੋਹਰ ਲਾ ਦਿੱਤੀ ਹੈ। ਵਾਈਸ ਚਾਂਸਲਰ ਡਾ. ਘੁੰਮਣ ਨੇ ਸਿੰਡੀਕੇਟ ਮੈਂਬਰਾਂ ਨੂੰ ਯੂਨੀਵਰਸਿਟੀ ਦੇ ਮਾੜੇ ਵਿੱਤੀ ਹਾਲਾਤ ਦੇ ਮੱਦੇਨਜ਼ਰ ਯੂਨੀਵਰਸਿਟੀ ਵੱਲੋਂ ਖਰਚਿਆਂ ਵਿਚ ਕੀਤੀ ਜਾ ਰਹੀ ਕਟੌਤੀ ਸਬੰਧੀ ਯਤਨਾਂ ਬਾਰੇ ਜਾਣੂ ਕਰਵਾਇਆ। ਇਸ ਮੁੱਦੇ 'ਤੇ ਸਾਰੇ ਮੈਂਬਰਾਂ ਨੇ ਸਹਿਮਤੀ ਜਤਾਉਂਦਿਆਂ ਯੂਨੀਵਰਸਿਟੀ ਨੂੰ ਮੌਜੂਦਾ ਵਿੱਤੀ ਸੰਕਟ ਵਿਚੋਂ ਕੱਢਣ ਲਈ ਡਾ. ਘੁੰਮਣ ਨੂੰ ਪੰਜਾਬ ਸਰਕਾਰ ਅੱਗੇ ਠੋਸ ਅਪੀਲ ਕਰਨ ਲਈ ਕਿਹਾ।
ਯੂਨੀਵਰਸਿਟੀ ਤੋਂ ਭੱਤੇ ਨਹੀਂ ਲੈਣਗੇ ਨਵੇਂ ਮੈਂਬਰ
ਇਸ ਮੌਕੇ ਵਿੱਤੀ ਸੰਕਟ ਨੂੰ ਦੇਖਦਿਆਂ ਸੀਨੀਅਰ ਕਾਂਗਰਸੀ ਨੇਤਾ ਤੇ ਸਿੰਡੀਕੇਟ ਮੈਂਬਰ ਹਰਿੰਦਰਪਾਲ ਸਿੰਘ ਹੈਰੀਮਾਲ, ਰਾਜੇਸ਼ ਸ਼ਰਮਾ ਪੰਜੋਲਾ, ਮੇਜਰ ਏ. ਪੀ. ਸਿੰਘ ਅਤੇ ਅਰਵਿੰਦ ਮੋਹਨ ਪ੍ਰਿੰਸੀਪਲ ਪਬਲਿਕ ਕਾਲਜ ਸਮਾਣਾ ਨੇ ਯੂਨੀਵਰਸਿਟੀ ਤੋਂ ਸਫਰੀ ਭੱਤਾ ਵੀ ਲੈਣ ਤੋਂ ਇਨਕਾਰ ਕਰ ਦਿੱਤਾ।
ਸਿੰਡੀਕੇਟ ਵੱਲੋਂ ਵਾਈਸ ਚਾਂਸਲਰ ਡਾਕਟਰ ਘੁੰਮਣ ਦੀ ਸ਼ਲਾਘਾ
ਇਸ ਮੌਕੇ ਸਾਰੇ ਸਿੰਡੀਕੇਟ ਮੈਂਬਰਾਂ ਨੇ ਡਾ. ਘੁੰਮਣ ਵੱਲੋਂ ਯੂਨੀਵਰਸਿਟੀ ਦੀ ਇਸ ਵਿਪਤਾ ਮੌਕੇ 5 ਮਹੀਨਿਆਂ ਦੇ ਥੋੜ੍ਹੇ ਜਿਹੇ ਸਮੇਂ ਵਿਚ ਦਰਪੇਸ਼ ਔਕੜਾਂ ਦੇ ਬਾਵਜੂਦ ਕੀਤੇ ਜਾ ਰਹੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ। ਸਿੰਡੀਕੇਟ ਨੇ ਡਾ. ਘੁੰਮਣ ਵਜੋਂ ਯੂਨੀਵਰਸਿਟੀ ਨੂੰ ਸਭ ਤੋਂ ਯੋਗ ਵਿਅਕਤੀ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਦਾ ਵੀ ਧੰਨਵਾਦ ਕੀਤਾ। ਡਾ. ਘੁੰਮਣ ਨੇ ਵੀ ਮੁੱਖ ਮੰਤਰੀ ਦਾ ਸਿੰਡੀਕੇਟ ਨੂੰ ਯੋਗ ਮੈਂਬਰਾਂ ਦੀ ਚੋਣ ਕਰਨ ਦਾ ਧੰਨਵਾਦ ਕੀਤਾ।
ਕਿਹੜੇ-ਕਿਹੜੇ ਮਤੇ ਹੋਏ ਪਾਸ
ਸਿੰਡੀਕਟ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਵਸਕਾਨਸਿਨ ਯੂਨੀਵਰਸਿਟੀ, ਯੂ. ਐੱਸ. ਏ., ਪੰਜਾਬੀ ਭਵਨ ਟੋਰਾਂਟੋ, ਕੈਨੇਡਾ ਅਤੇ ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਪ੍ਰੋਮੋਸ਼ਨ ਬੋਰਡ ਵਿਚਕਾਰ ਐੱਮ. ਓ. ਯੂ. ਸਾਈਨ ਕਰਨ ਦੀ ਪ੍ਰਵਾਨਗੀ ਦਿੱਤੀ।
ਸਿੰਡੀਕੇਟ ਨੇ ਡਾ. ਜੀ. ਐੱਸ. ਬੱਤਰਾ ਦੀ ਡੀਨ ਅਕਾਦਮਿਕ ਮਾਮਲੇ ਵਜੋਂ, ਡਾ. ਕੇ. ਐੱਸ. ਢਿੱਲੋਂ ਦੀ ਡੀਨ ਕਾਲਜਾਂ ਵਜੋਂ, ਡਾ. ਲਖਵਿੰਦਰ ਸਿੰਘ ਦੀ ਡਾਇਰੈਕਟਰ ਇੰਟਰਨੈਸ਼ਨਲ ਸਟੂਡੈਂਟਸ, ਡਾ. ਜਸਪਾਲ ਕੌਰ ਦੀ ਡੀਨ ਰਿਸਰਚ ਵਜੋਂ, ਡਾ. ਤਾਰਾ ਸਿੰਘ ਦੀ ਡੀਨ ਵਿਦਿਆਰਥੀਆਂ ਵਜੋਂ, ਡਾ. ਐੱਨ. ਐੱਸ. ਦਿਓਲ ਦੀ ਪ੍ਰੋਵੋਸਟ ਵਜੋਂ, ਡਾ. ਯੋਗਰਾਜ ਦੀ ਡਾਇਰੈਕਟਰ, ਯੂ. ਜੀ. ਸੀ., ਐੱਚ. ਆਰ. ਡੀ. ਸੀ., ਡਾ. ਕਿਰਨਦੀਪ ਕੌਰ ਦੀ ਡਾਇਰੈਕਟਰ, ਕੋਸਟੀਚੁਠੈਂਟ ਕਾਲਜਾਂ, ਡਾ. ਅਮਰਿੰਦਰ ਸਿੰਘ ਡੀ-ਡਾਇਰੈਕਟਰ, ਆਈ. ਏ. ਐੱਸ. ਟ੍ਰੇਲਿੰਗ ਸੈਂਟਰ, ਡਾ. ਸਰਬਜਿੰਦਰ ਸਿੰਘ ਦੀ ਪ੍ਰੋਫੈਸਰ ਇੰਚਾਰਜ ਪਬਲੀਕੇਸ਼ਨ ਬਿਊਰੋ ਅਤੇ ਡਾ. ਗੁਰਚਰਨ ਸਿੰਘ ਦੀ ਪ੍ਰੋਫੈਸਰ ਇੰਚਾਰਜ ਲੀਗਲ ਮਾਮਲੇ ਵਜੋਂ ਨਿਯੁਕਤੀਆਂ ਅਤੇ ਐਕਸਟੈਨਸ਼ਨਾਂ ਨੂੰ ਮਨਜ਼ੂਰ ਕਰ ਲਿਆ।
ਯੂਨੀਵਰਸਿਟੀ ਦੀ ਮਹੀਨਾਵਾਰ ਗ੍ਰਾਂਟ ਵਧਾ ਕੇ 14.68 ਕਰੋੜ ਕਰੇ ਸਰਕਾਰ
ਡਾ. ਘੁੰਮਣ ਨੇ ਇਸ ਮੌਕੇ ਮੈਂਬਰਾਂ ਨੂੰ ਸੂਚਿਤ ਕੀਤਾ ਕਿ ਯੂਨੀਵਰਸਿਟੀ ਪਹਿਲਾਂ ਹੀ ਸਰਕਾਰ ਨੂੰ ਪੈਂਡਿੰਗ ਅਦਾਇਗੀਆਂ ਕਰਨ ਲਈ 300 ਕਰੋੜ ਰੁਪਏ ਦਾ ਪੈਕੇਜ ਜਾਰੀ ਕਰਨ ਅਤੇ ਮਹੀਨਾਵਾਰ ਗ੍ਰਾਂਟ 7.34 ਕਰੋੜ ਤੋਂ ਵਧਾ ਕੇ 14.68 ਕਰੋੜ ਰੁਪਏ ਕਰਨ ਲਈ ਬੇਨਤੀ ਕਰ ਚੁੱਕੀ ਹੈ। ਸਿੰਡੀਕੇਟ ਨੇ ਰਾਜ ਸਰਕਾਰ ਨੂੰ ਯੂਨੀਵਰਸਿਟੀ ਨੂੰ ਇਸ ਸੰਕਟ ਵਿਚੋਂ ਕੱਢਣ ਲਈ ਅੱਗੇ ਆਉਣ ਲਈ ਕਿਹਾ, ਤਾਂ ਜੋ ਇਸ ਦੇ ਵਿਦਿਆਰਥੀਆਂ ਨੂੰ ਯੋਗ ਨੌਕਰੀਆਂ ਦਿਵਾਉਣ ਅਤੇ ਯੂਨੀਵਰਸਿਟੀ ਦੀ ਅਕਾਦਮਿਕ ਕਾਰਗੁਜ਼ਾਰੀ ਦੀ ਗਤੀਸ਼ੀਲਤਾ ਨੂੰ ਜਾਰੀ ਰੱਖਿਆ ਜਾ ਸਕੇ।
50 ਫੀਸਦੀ ਡਿਸਕਾਊਂਟ ਮਿਲੇਗਾ ਕਿਤਾਬਾਂ 'ਤੇ ਯੂਨੀਵਰਸਿਟੀ ਵੱਲੋਂ
ਸਿੰਡੀਕਟ ਵੱਲੋਂ ਸਰੀਰਕ ਪੱਖੋਂ ਅਪਾਹਿਜ ਕਰਮਚਾਰੀਆਂ ਦੇ ਕਨਵੈਂਸ ਭੱਤੇ ਵਿਚ 600 ਤੋਂ 1,000 ਰੁਪਏ ਦਾ ਵਾਧਾ ਕਰਨ ਨੂੰ ਮਨਜ਼ੂਰ ਕਰ ਲਿਆ। ਇਸ ਤੋਂ ਇਲਾਵਾ ਸਿੰਡੀਕੇਟ ਮੈਂਬਰਾਂ ਨੇ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋਂ ਤੋਂ ਕਿਤਾਬਾਂ ਖਰੀਦਣ 'ਤੇ 50 ਫੀਸਦੀ ਡਿਸਕਾਊਂਟ ਦੇਣ ਦੀ ਵੀ ਮਨਜ਼ੂਰੀ ਦੇ ਦਿੱਤੀ।
ਮੁੜ-ਨਿਯੁਕਤ ਅਧਿਆਪਕਾਂ ਦਾ ਮੁੱਦਾ ਵਿਚਾਰਿਆ ਹੀ ਨਹੀਂ
ਮੁੜ-ਨਿਯੁਕਤ ਅਧਿਆਪਕਾਂ ਦੇ ਮੁੱਦੇ 'ਤੇ ਅੱਜ ਵੀ ਸਿੰਡੀਕੇਟ ਖਾਮੋਸ਼ ਰਹੀ। ਯਾਦ ਰਹੇ ਕਿ ਇਸ ਮੁੱਦੇ 'ਤੇ ਯੂਨੀਵਰਸਿਟੀ ਵਿਚ ਵੱਡੇ ਸੰਘਰਸ਼ ਹੋ ਚੁੱਕੇ ਹਨ ਪਰ ਅੱਜ ਦੀ ਇਸ ਮੀਟਿੰਗ 'ਚ ਸਿੰਡੀਕੇਟ ਨੇ ਇਹ ਮੁੱਦਾ ਹੀ ਨਹੀਂ ਵਿਚਾਰਿਆ, ਜਿਸ ਕਾਰਨ ਯੂਨੀਵਰਸਿਟੀ ਵਿਚ ਮੁੜ ਸੰਘਰਸ਼ ਸ਼ੁਰੂ ਹੋਣ ਦੇ ਆਸਾਰ ਬਣ ਗਏ ਹਨ।
ਵਿੱਤੀ ਸੰਕਟ 'ਚ ਫਸੀ ਯੂਨੀਵਰਸਿਟੀ ਨੂੰ ਲੋਨ ਤੋਂ ਵੀ ਇਨਕਾਰ
ਵਿੱਤੀ ਸੰਕਟ ਵਿਚ ਫਸੀ ਪੰਜਾਬੀ ਯੂਨੀਵਰਸਿਟੀ ਨੇ ਜਿਥੇ ਪੰਜਾਬ ਸਰਕਾਰ ਤੋਂ 300 ਕਰੋੜ ਦੇ ਪੈਕੇਜ ਦੀ ਮੰਗ ਕੀਤੀ ਹੈ, ਉੱਥੇ ਫਰਵਰੀ ਮਹੀਨੇ ਦੀ ਤਨਖ਼ਾਹ ਦੇਣ ਲਈ ਸਟੇਟ ਬੈਂਕ ਆਫ ਇੰਡੀਆ ਤੋਂ 110 ਕਰੋੜ ਦਾ ਲੋਨ ਲੈਣ ਲਈ ਪ੍ਰਪੋਜਲ ਭੇਜੀ ਹੈ। ਜਾਣਕਾਰੀ ਅਨੁਸਾਰ ਹੁਣ ਬੈਂਕ ਨੇ ਤਕਨੀਕੀ ਰੁਕਾਵਟਾਂ ਕਾਰਨ ਇਹ ਲੋਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਯੂਨਵਰਸਿਟੀ ਦੀ ਚਿੰਤਾ ਬਹੁਤ ਜ਼ਿਆਦਾ ਵੱਧ ਗਈ ਹੈ। ਯੂਨੀਵਰਸਿਟੀ ਇਸ ਸਬੰਧੀ ਬੈਂਕ ਤੋਂ ਲੋਨ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪਹਿਲਾਂ ਹੀ ਯੂਨੀਵਰਸਿਟੀ 400 ਕਰੋੜ ਤੋਂ ਵੱਧ ਘਾਟੇ ਵਿਚ ਚੱਲ ਰਹੀ ਹੈ, ਜਿਸ ਕਾਰਨ ਬੈਂਕ ਵੀ ਹਰ ਕਦਮ ਸੋਚ ਕੇ ਰੱਖ ਰਿਹਾ ਹੈ।