• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਗਣਤੰਤਰ ਦਿਵਸ ਦੇ ਮੱਦੇਨਜ਼ਰ ਸ਼ਹਿਰ ਸੀਲ

  

Share
  ਪਟਿਆਲਾ (ਬੁਲੰਦ ਟੀਵੀ ਚੈਨਲ) ਗਣਤੰਤਰ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਲਈ ਪਟਿਆਲਾ ਪੁਲਸ ਪੱਬਾਂ ਭਾਰ ਹੋਈ ਪਈ ਹੈ। ਸ਼ਹਿਰ ਦੇ ਚੱਪੇ-ਚੱਪੇ 'ਤੇ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਇਕ ਤਰੀਕੇ ਨਾਲ ਸ਼ਹਿਰ ਨੂੰ ਨਾਕਾਬੰਦੀ ਕਰ ਕੇ ਸੀਲ ਕਰ ਦਿੱਤਾ ਗਿਆ ਹੈ। ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਨੇ ਪਟਿਆਲਾ ਸ਼ਹਿਰ ਦੇ ਨਾਲ-ਨਾਲ ਸਮੁੱਚੇ ਜ਼ਿਲੇ ਦੇ ਡੀ. ਐੱਸ. ਪੀ. ਅਤੇ ਥਾਣਾ ਮੁਖੀਆਂ ਨੂੰ ਸਾਫ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਗਣਤੰਤਰ ਦਿਵਸ 'ਤੇ ਸੁਰੱਖਿਆ ਪ੍ਰਬੰਧਾਂ 'ਚ ਕੋਈ ਘਾਟ ਨਹੀਂ ਰਹਿਣੀ ਚਾਹੀਦੀ। ਪਟਿਆਲਾ ਸ਼ਹਿਰ ਕਿਉਂਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਇਸ ਵਾਰ ਰਾਸ਼ਟਰੀ ਝੰਡਾ ਲਹਿਰਾਉਣਾ ਹੈ, ਉਸ ਨੂੰ ਦੇਖਦੇ ਹੋਏ ਸ਼ਹਿਰ ਨੂੰ ਆਉਣ ਵਾਲੇ ਸਮੁੱਚੇ ਰਸਤਿਆਂ 'ਤੇ ਨਾਕਾਬੰਦੀ ਕਰ ਦਿੱਤੀ ਗਈ ਹੈ। ਦੂਜੇ ਪਾਸੇ ਪੁਲਸ ਵੱਲੋਂ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤੇ ਗਏ ਹਨ।
ਜੀ. ਆਰ. ਪੀ. ਤੇ ਆਰ. ਪੀ. ਐੱਫ. ਨੇ ਰੇਲਵੇ ਸਟੇਸ਼ਨ 'ਤੇ ਚਲਾਇਆ ਸਰਚ ਆਪ੍ਰੇਸ਼ਨ
ਜੀ. ਆਰ. ਪੀ. ਤੇ ਆਰ. ਪੀ. ਐੱਫ. ਨੇ ਰੇਲਵੇ ਸਟੇਸ਼ਨ ਦੀ ਚੈਕਿੰਗ ਲਈ ਇਕ ਜੁਆਇੰਟ ਸਰਚ ਆਪ੍ਰੇਸ਼ਨ ਚਲਾਇਆ, ਜਿਸ ਦੀ ਅਗਵਾਈ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਐੱਸ. ਐੱਚ. ਓ. ਜੀ. ਐੱਸ. ਆਹਲੂਵਾਲੀਆ ਨੇ ਕੀਤੀ। ਫੋਰਸ ਨੇ ਸਮੁੱਚੇ ਸਟੇਸ਼ਨ ਨੂੰ ਘੇਰ ਕੇ ਇਕਦਮ ਤੋਂ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਤੇ ਆਉਣ-ਜਾਣ ਵਾਲੇ ਯਾਤਰੀਆਂ ਦੀ ਚੈਕਿੰਗ ਕੀਤੀ। ਰੇਲਵੇ ਟਰੈਕ, ਰੇਲਵੇ ਸਟੇਸ਼ਨ ਤੇ ਆਸ-ਪਾਸ ਦੀਆਂ ਥਾਵਾਂ ਦੀ ਚੈਕਿੰਗ ਕੀਤੀ। ਰੇਲਵੇ ਪੁਲਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਦਿੱਤੇ ਹਨ ਤੇ ਅਗਲੇ ਦਿਨਾਂ ਵਿਚ ਹਰੇਕ ਯਾਤਰੀ ਨੂੰ ਮੈਟਲ ਡਿਟੈਕਟਰ ਵਿਚੋਂ ਹੋ ਕੇ ਲੰਘਾਇਆ ਜਾਵੇਗਾ ਤੇ ਆਸ-ਪਾਸ ਦੇ ਇਲਾਕਿਆਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।
ਪਟਿਆਲਾ ਪੁਲਸ ਵੱਲੋਂ ਪੇਇੰਗ ਗੈਸਟਾਂ ਦੀ ਚੈਕਿੰਗ
ਪਟਿਆਲਾ ਪੁਲਸ ਨੇ ਅੱਜ ਗਣਤੰਤਰ ਦਿਵਸ ਨੂੰ ਲੈ ਕੇ ਪੇਇੰਗ ਗੈਸਟ ਯਾਨੀ ਪੀ. ਜੀਜ਼ ਦੀ ਚੈਕਿੰਗ ਸ਼ੁਰੂ ਕੀਤੀ। ਮਾਡਲ ਟਾਊਨ ਚੌਕੀ ਦੀ ਪੁਲਸ ਵੱਲੋਂ ਅਜੀਤ ਨਗਰ ਤੇ ਆਸ ਪਾਸ ਦੇ ਇਲਾਕਿਆਂ ਵਿਚ ਪੀ. ਜੀਜ਼ ਦੀ ਚੈਕਿੰਗ ਕੀਤੀ, ਉਥੇ ਰਹਿਣ ਵਾਲੇ ਵਿਅਕਤੀਆਂ ਦੇ ਘਰਾਂ ਦੇ ਪਤੇ, ਉਨ੍ਹਾਂ ਦੇ ਪਛਾਣ ਪੱਤਰ ਬਾਰੇ ਕਰਾਸ ਚੈਕਿੰਗ ਕੀਤੀ ਗਈ ਕਿਉਂਕਿ ਹਰੇਕ ਪੀ. ਜੀ. ਵਿਚ ਕੋਈ ਪੇਇੰਗ ਗੈਸਟ ਰੱਖਣ ਤੋਂ ਪਹਿਲਾਂ ਉਨ੍ਹਾਂ ਦੇ ਪਤੇ ਪੁਲਸ ਕੋਲ ਜਮ੍ਹਾ ਕਰਵਾਉਣੇ ਜ਼ਰੂਰੀ ਹੁੰਦੇ ਹਨ। ਲਿਹਾਜ਼ਾ ਕਿਸੇ ਪੀ. ਜੀ. ਮਾਲਕ ਵੱਲੋਂ ਇਹ ਤੱਥ ਲੁਕਾਏ ਤਾਂ ਨਹੀਂ ਗਏ, ਪਰ ਪੁਲਸ ਨੇ ਇਸ ਦੀ ਚੈਕਿੰਗ ਕੀਤੀ। ਇਸ ਦੇ ਨਾਲ-ਨਾਲ ਪੁਲਸ ਨੇ ਚੈਕਿੰਗ ਦਾ ਮਨੋਰਥ ਕਿਸੇ ਅਣਪਛਾਤੇ ਵਿਅਕਤੀਆਂ ਦਾ ਪੀ. ਜੀ. 'ਚ ਨਾ ਰਹਿਣ ਨੂੰ ਚੈੱਕ ਕਰਨਾ ਵੀ ਸੀ। ਮਾਡਲ ਟਾਊਨ ਚੌਕੀ ਦੇ ਇੰਚਾਰਜ ਐੱਸ. ਆਈ. ਗੁਰਦੀਪ ਸਿੰਘ ਤੇ ਪੁਲਸ ਪਾਰਟੀ ਨੇ ਕਈ ਘੰਟੇ ਲਗਾਤਾਰ ਚੈਕਿੰਗ ਕੀਤੀ।
5 ਪੈਰਾ ਮਿਲਟਰੀ ਫੋਰਸ ਦੀਆਂ ਕੰਪਨੀਆਂ ਤਾਇਨਾਤ
ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪਟਿਆਲਾ ਪੁਲਸ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੁੰਦੀ ਕਿਉਂਕਿ ਇਸ ਵਾਰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਕੌਮੀ ਝੰਡਾ ਲਹਿਰਾਉਣ ਆ ਰਹੇ ਹਨ। ਇਸ ਲਈ ਸੁਰੱਖਿਆ ਦੀ ਜ਼ਿੰਮੇਵਾਰੀ 1500 ਮੁਲਾਜ਼ਮਾਂ ਦੇ ਸਿਰ ਛੱਡੀ ਗਈ ਹੈ। ਇਨ੍ਹਾਂ ਵਿਚ 5 ਕੰਪਨੀਆਂ ਪੈਰਾ ਮਿਲਟਰੀ ਫੋਰਸ ਦੀਆਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਵਿਸ਼ੇਸ਼ ਤੌਰ 'ਤੇ ਸਵੈਟ ਦੀ ਟੀਮ ਵੀ ਬੁਲਾਈ ਗਈ ਹੈ। ਬਾਕੀ ਮੁਲਾਜ਼ਮਾਂ ਵਿਚ ਪਟਿਆਲਾ ਪੁਲਸ ਦੇ ਮੁਲਾਜ਼ਮ ਅਤੇ ਪੀ. ਏ. ਪੀ. ਤੇ ਬਾਕੀ ਆਰਮਡ ਫੋਰਸ ਦੇ ਮੁਲਾਜ਼ਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਅੱਜ ਜ਼ਿਆਦਾਤਰ ਨਾਕਿਆਂ 'ਤੇ ਪਟਿਆਲਾ ਪੁਲਸ ਦੇ ਨਾਲ-ਨਾਲ ਪੈਰਾ ਮਿਲਟਰੀ ਫੋਰਸ ਦੇ ਜਵਾਨ ਵੀ ਤਾਇਨਾਤ ਕਰ ਦਿੱਤੇ ਗਏ ਹਨ।
ਵਾਈ. ਪੀ. ਐੱਸ. ਸਟੇਡੀਅਮ ਸੀਲ, ਸੁਰੱਖਿਆ ਦੀ ਜ਼ਿੰਮੇਵਾਰੀ ਸਵੈਟ ਦੇ ਸਿਰ
ਅੱਜ ਫਾਈਨਲ ਰਿਹਰਸਲ ਤੋਂ ਬਾਅਦ ਵਾਈ. ਪੀ. ਐੱਸ. ਸਟੇਡੀਅਮ ਨੂੰ ਸਵੈਟ ਦੇ ਹਵਾਲੇ ਕਰ ਦਿੱਤਾ ਗਿਆ। ਸਮੁੱਚੇ ਸਟੇਡੀਅਮ ਨੂੰ ਸੀਲ ਕਰ ਕੇ ਸਭ ਨੂੰ ਉਥੋਂ ਬਾਹਰ ਕੱਢ ਦਿੱਤਾ ਗਿਆ ਤੇ ਪੁਲਸ ਨੇ ਰਿਹਰਸਲ ਤੋਂ ਬਾਅਦ ਸਾਰੇ ਸਟੇਡੀਅਮ ਦੀ ਚੈਕਿੰਗ ਕੀਤੀ ਤੇ ਉਸ ਨੂੰ ਸੀਲ ਕਰ ਦਿੱਤਾ, ਜੋ ਕਿ ਹੁਣ 26 ਜਨਵਰੀ ਨੂੰ ਸਵੇਰੇ ਹੀ ਖੋਲ੍ਹਿਆ ਜਾਵੇਗਾ।
ਸੁਰੱਖਿਆ ਪ੍ਰਬੰਧਾਂ 'ਚ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ : ਐੱਸ. ਐੱਸ. ਪੀ. ਭੂਪਤੀ
ਗਣਤੰਤਰ ਦਿਵਸ 'ਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਨੇ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਤਰ੍ਹਾਂ ਦੀ ਕੋਈ ਗੈਰ-ਸਮਾਜਿਕ ਗਤੀਵਿਧੀ ਦੇਖਣ ਤਾਂ ਤੁਰੰਤ ਪੁਲਸ ਨੂੰ ਸੂਚਿਤ ਕਰਨ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਸ ਵੱਲੋਂ ਬਾਜ਼ਾਰਾਂ ਤੇ ਜਨਤਕ ਥਾਵਾਂ ਦੇ ਸਰਚ ਆਪ੍ਰੇਸ਼ਨ ਦੇ ਨਾਲ-ਨਾਲ ਸਿਵਲ ਵਿਚ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ।