• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਉੱਤਰੀ ਅਮਰੀਕਾ ਸਾਹਿਤ ਸੱਭਿਆਚਾਰ ਸੰਮੇਲਨ ਅੱਜ ਤੋਂ ਸ਼ੁਰੂ

  

Share
  ਬੀਤੇ ਦਿਨ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਕੈਨੇਡਾ ਦੇ ਸ਼ਹਿਰ ਸਰੀ 'ਚ ਉੱਤਰੀ ਅਮਰੀਕਾ ਸਾਹਿਤ ਸੱਭਿਆਚਾਰ ਸੰਮੇਲਨ ਸੋਮਵਾਰ ਭਾਵ ਅੱਜ ਤੋਂ ਸ਼ੁਰੂ ਹੋ ਗਿਆ ਹੈ, ਜਿਸ ਦਾ ਉਦਘਾਟਨ ਡਾ: ਸੁਰਜੀਤ ਪਾਤਰ ਚੇਅਰਮੈਨ ਆਰਟਸ ਕੌਸਲ ਪੰਜਾਬ ਨੇ ਕੀਤਾ।ਇਸ ਦੌਰਾਨ ਡਾ: ਪਾਤਰ ਨੇ ਕਿਹਾ ਕਿ ਕੈਨੇਡਾ ਦੀ ਧਰਤੀ 'ਤੇ ਸਥਾਪਿਤ ਪੰਜਾਬ ਭਵਨ ਸਿਰਫ਼ ਇਮਾਰਤ ਨਹੀਂ ਸਗੋਂ ਸਾਡੇ ਇਥੇ ਵੱਸਦੇ ਪੰਜਾਬੀਆਂ ਦੀ ਤੜਪ, ਤਾਂਘ ਵਿਕਾਸ ਅਤੇ ਵਿਰਾਸਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਸ ਇਮਾਰਤ ਪਿੱਛੇ ਸਾਡੀ ਇਤਿਹਾਸਕ, ਸਾਹਿਤਕ ਅਤੇ ਸੱਭਿਆਚਾਰਕ ਇਬਾਰਤ ਹੈ। ਉੱਤਰੀ ਅਮਰੀਕਾ ਤੋਂ ਹੁੰਮ ਹੁਮਾ ਕੇ ਆਏ ਸਾਹਿਤਕਾਰ, ਦਾਨਿਸ਼ਵਰ ਅੱਜ ਇਸ ਇਮਾਰਤ ਨੂੰ ਇਬਾਰਤ ਵਿਚ ਤਬਦੀਲ ਕਰ ਰਹੇ ਹਨ।
ਦੋ ਰੋਜ਼ਾ ਸੰਮੇਲਨ ਦਾ ਮੁੱਖ ਸੁਰ ਭਾਸ਼ਨ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਪ੍ਰੋਫੈਸਰ ਡਾ: ਸਾਧੂ ਸਿੰਘ ਨੇ ਕਿਹਾ ਕਿ ਉੱਤਰੀ ਅਮਰੀਕਾ ਦੀ ਧਰਤੀ ਨੇ ਇਕ ਸਦੀ ਪਹਿਲਾਂ ਇਹ ਸੁਨੇਹਾ ਦੇ ਦਿੱਤਾ ਸੀ ਕਿ ਉਹ ਖੇਤਰੀ ਭਾਸ਼ਾਵਾਂ ਹੀ ਗੁਲਾਮੀ ਦੇ ਸੰਗਲ ਤੋੜਨ ਦੇ ਸਮਰੱਥ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਹਰਨਾਮ ਸਿੰਘ ਟੁੰਡੀਲਾਟ ਦੇ ਹਵਾਲੇ ਤੋਂ ਉਨ੍ਹਾਂ ਕਿਹਾ ਕਿ ਉਹ ਆਪਣੇ ਬੋਲਾਂ ਦੀ ਪਹਿਰੇਦਾਰੀ ਕਰਨ ਕਾਰਨ ਹੀ ਅਫਗਾਨਿਸਤਾਨ ਦੀ ਹੱਦ ਤੋਂ ਪਰਤ ਆਏ ਅਤੇ ਲਾਇਲਪੁਰ ਤੋਂ ਫੜੇ ਗਏ। ਉਨ੍ਹਾਂ ਕਿਹਾ ਕਿ ਕਲਮਕਾਰ ਨੂੰ ਆਪਣੇ ਵਿਸ਼ਵਾਸ 'ਤੇ ਪਹਿਰਾ ਦੇਣਾ ਚਾਹੀਦਾ ਹੈ। ਪ੍ਰਧਾਨਗੀ ਮੰਡਲ ਵਿਚ ਸੁਰਜੀਤ ਪਾਤਰ ਅਤੇ ਡਾ: ਸਾਧੂ ਸਿੰਘ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਵੈਨਕੂਵਰ ਕੈਨੇਡਾ ਵਿਚ ਭਾਰਤ ਦੇ ਕੌਂਸਲੇਟ ਜਨਰਲ ਸ. ਅਮਰਜੀਤ ਸਿੰਘ ਅਤੇ ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ ਸ਼ਾਮਲ ਹੋਏ।
ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉੱਤਰੀ ਅਮਰੀਕਾ ਵਿਚ ਸਿਰਜੇ ਸਾਹਿਤ ਅਤੇ ਵਿਕਸਤ ਹੋ ਰਹੇ ਨਵੇਂ ਸੱਭਿਆਚਾਰਕ ਮੁਹਾਂਦਰੇ ਦੀ ਨਿਸ਼ਾਨਦੇਹੀ ਲਈ ਇਹ ਸੰਮੇਲਨ ਯਕੀਨਨ ਚੰਗੇ ਨਤੀਜੇ ਕੱਢੇਗਾ। ਉਨ੍ਹਾਂ ਕਿਹਾ ਕਿ ਇਕ ਸਾਲ ਪਹਿਲਾਂ ਮੇਰੇ ਸੁਝਾਅ 'ਤੇ ਸੁੱਖੀ ਬਾਠ ਜੀ ਨੇ ਪੰਜਾਬ ਭਵਨ ਦੀ ਸਥਾਪਨਾ ਕਰ ਦਿੱਤੀ ਅਤੇ ਹੁਣ ਪਹਿਲੀ ਸਾਲਗਿਰਾ 'ਤੇ ਇੰਨਾਂ ਵੱਡਾ ਸਮਾਗਮ ਕਰਾਮਾਤ ਤੋਂ ਘੱਟ ਨਹੀਂ। ਭਾਰਤ ਦੇ ਅਮਰੀਕਾ ਵਿਚ ਕੌਂਸਲੇਟ ਜਨਰਲ ਸ. ਅਮਰਜੀਤ ਸਿੰਘ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਵੰਨ ਸੁਵੰਨੀ ਵਿਰਾਸਤ ਵਾਲੇ ਦੇਸ਼ ਹਨ, ਜਿੱਥੇ ਸਭ ਤੋਂ ਵਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਮੰਚ ਸੰਚਾਲਨ ਟੋਰਾਂਟੋ ਤੋਂ ਆਏ ਲੇਖਕ ਕੁਲਵਿੰਦਰ ਖਹਿਰਾ ਨੇ ਕੀਤਾ।
ਪਹਿਲੇ ਸੈਸ਼ਨ ਵਿਚ ਕੈਨੇਡੀਅਨ ਪੁਲਸ ਅਧਿਕਾਰੀ ਜੈਗ ਖੋਸਾ, ਬਲਤੇਜ ਸਿੰਘ ਢਿੱਲੋਂ ਅਤੇ ਪਿਰਥੀਪਾਲ ਸਿੰਘ ਸੋਹੀ ਨੇ ਖੋਜ ਪੱਤਰ ਪੜ੍ਹੇ। ਦੂਜੇ ਸੈਸ਼ਨ ਵਿਚ ਕਹਾਣੀਕਾਰ ਡਾ: ਵਰਿਆਮ ਸਿੰਘ ਸੰਧੂ, ਕੁਲਵਿੰਦਰ ਖਹਿਰਾ ਅਤੇ ਭੂਪਿੰਦਰ ਦੁਲੈ ਨੇ ਖੋਜ ਪੱਤਰ ਪੜ੍ਹੇ। ਮੰਚ ਸੰਚਾਲਨ ਕੁਲਜੀਤ ਕੌਰ ਮੰਡੇਰ ਮੀਡੀਆ ਵੇਵਜ਼ ਨੇ ਕੀਤਾ। ਤੀਜੇ ਸੈਸ਼ਨ ਵਿਚ ਨਾਵਲਕਾਰ ਜਰਨੈਲ ਸਿੰਘ ਸੇਖਾ, ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ, ਅਮਰੀਕ ਪਲਾਹੀ ਨੇ ਖੋਜ ਪੱਤਰ ਪੇਸ਼ ਕੀਤਾ। ਮੰਚ ਸੰਚਾਲਨ ਗੁਰਬਾਜ਼ ਸਿੰਘ ਬਰਾੜ ਪੇਸ਼ਕਾਰ ਰੇਡੀਓ ਸ਼ੇਰੇ ਪੰਜਾਬ ਨੇ ਕੀਤਾ। ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਕਵਿੰਦਰ ਚਾਂਦ ਦੀ ਕਵਿਤਾ ਗੁੱਡੀਆਂ 'ਤੇ ਅਧਾਰਿਤ ਕੋਰੀਓਗ੍ਰਾਫੀ ਗੁੱਡੀਆਂ ਲਈ ਗੁਰਦੀਪ ਭੁੱਲਰ ਆਰਟਸ ਅਕੈਡਮੀ ਦੇ ਕਲਾਕਾਰ ਬੱਚਿਆਂ ਅਤੇ ਗੁਰਦੀਪ ਭੁੱਲਰ ਨੂੰ ਸਨਮਾਨਿਤ ਕੀਤਾ। ਵਿਧਾਇਕ ਦੇਵ ਹੇਅਰ ਵੀ ਇਸ ਸਮਾਗਮ ਵਿਚ ਸ਼ਾਮਿਲ ਹੋਏ। ਉਪਰੰਤ ਕਵੀ ਦਰਬਾਰ ਵਿਚ 40 ਕਵੀਆਂ ਨੇ ਭਾਗ ਲਿਆ। ਮੰਚ ਸੰਚਾਲਨ ਕਵਿੰਦਰ ਚਾਂਦ ਨੇ ਕੀਤਾ।