• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਸੰਗਰੂਰ ‘ਚ ਚੱਲ ਰਿਹਾ ਸੀ ਗ਼ੈਰਕਾਨੂੰਨੀ ਪਟਾਕੇ ਬਣਾਉਣ ਦਾ ਕੰਮ, ਵਿਸਫ਼ੋਟ ਦੌਰਾਨ ਚਾਰ ਮੌਤਾਂ।

  

Share
  
ਦੇਸ਼ ਵਿਚ ਅਜਿਹੇ ਬਹੁਤ ਸਾਰੇ ਗ਼ੈਰਕਾਨੂੰਨੀ ਕੰਮ ਹੋ ਰਹੇ ਹਨ, ਜਿਨ੍ਹਾਂ ਬਾਰੇ ਪੁਲਿਸ ਜਾਂ ਪ੍ਰਸਾਸ਼ਨ ਨੂੰ ਵੀ ਪਤਾ ਨਹੀਂ ਚਲਦਾ ਪਰ ਜਦੋਂ ਇਨ੍ਹਾਂ ਦਾ ਕੋਈ ਨੁਕਸਾਨ ਸਾਹਮਣੇ ਆਉਂਦਾ ਹੈ ਤਾਂ ਜਿੱਥੇ ਲੋਕਾਂ ਦਾ ਵੱਡਾ ਨੁਕਸਾਨ ਹੁੰਦਾ ਹੈ, ਉਥੇ ਹੀ ਪੁਲਿਸ ਅਤੇ ਪ੍ਰਸਾਸ਼ਨ ਨੂੰ ਵੀ ਆਪਣੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲਗਦੇ ਦੇਖ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਦੇ ਸੰਗਰੂਰ ਵਿਚ ਵੀ ਅਜਿਹਾ ਹੀ ਇੱਕ ਮਾਮਲੇ ਸਾਹਮਣੇ ਆਇਆ ਹੈ, ਜਿੱਥੇ ਇੱਕ ਗੋਦਾਮ ਵਿਚ ਗ਼ੈਰਕਾਨੂੰਨੀ ਤੌਰ ‘ਤੇ ਪਟਾਕੇ ਬਣਾਉਣ ਦਾ ਕੰਮ ਚਲਦਾ ਸੀ। ਪਹਿਲਾਂ ਤਾਂ ਇਸ ਦੇ ਬਾਰੇ ਵਿਚ ਕਿਸੇ ਨੂੰ ਪਤਾ ਨਹੀਂ ਸੀ ਪਰ ਹੁਣ ਜਦੋਂ ਉਥੇ ਜ਼ਬਰਦਸਤ ਵਿਸਫ਼ੋਟ ਹੋਇਆ ਹੈ ਤਾਂ ਸਭ ਕੁਝ ਜੱਗ ਜ਼ਾਹਿਰ ਹੋਣ ਦੇ ਨਾਲ-ਨਾਲ ਜਾਨੀ ਮਾਲੀ ਨੁਕਸਾਨ ਵੀ ਹੋਇਆ ਹੈ।ਸੰਗਰੂਰ ਦਿੱਲੀ ਨੈਸ਼ਨਲ ਹਾਈਵੇ ‘ਤੇ ਸੋਲਰ ਘਰਾਟ ਕਸਬੇ ਦੇ ਰਿਹਾਇਸ਼ੀ ਇਲਾਕੇ ਵਿਚ ਦੋ ਕੋਠੀਆਂ ਵਿਚ ਪਟਾਕੇ ਬਣਾਉਣ ਦੇ ਨਾਜਾਇਜ਼ ਗੋਦਾਮ ਵਿਚ ਮੰਗਲਵਾਰ ਰਾਤ ਸਾਢੇ ਅੱਠ ਵਜੇ ਦੇ ਕਰੀਬ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਇਸ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ, ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਗੋਦਾਮ ਵਿਚ ਕੰਮ ਕਰ ਰਹੇ ਦੋ ਲੋਕਾਂ ਦੇ ਚਿੱਥੜੇ ਸੈਂਕੜੇ ਮੀਟਰ ਦੂਰ ਜਾ ਕੇ ਹਾਈਵੇ ‘ਤੇ ਡਿੱਗੇ। ਇਸ ਹਾਦਸੇ ਵਿਚ 4 ਲੋਕਾਂ ਦੇ ਮਰਨ ਦੀ ਖ਼ਬਰ ਹੈ। ਧਮਾਕੇ ਦੀ ਸ਼ਕਤੀ ਦਾ ਇਸ ਗੱਲ ਤੋਂ ਬਾਖ਼ੂਬੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਨਾਲ ਗੋਦਾਮ ਨੇੜੇ ਲਗਭਗ ਇਕ ਹਜ਼ਾਰ ਗਜ਼ ‘ਚ ਬਣੀਆਂ ਦੋ-ਦੋ ਮੰਜ਼ਿਲਾਂ ਕੋਠੀਆਂ ਵੀ ਢਹਿ ਗਈਆਂ। ਇਸ ਹਾਦਸੇ ਵਿਚ ਦੇਰ ਰਾਤ 12 ਵਜੇ ਤਕ ਮਲਬੇ ‘ਚੋਂ 4 ਲਾਸ਼ਾਂ ਕੱਢ ਲਈਆਂ ਗਈਆਂ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਉੱਚ ਅਧਿਕਾਰੀਆਂ ਨੇ 2 ਜੇਸੀਬੀ ਮਸ਼ੀਨਾਂ ਅਤੇ 3 ਫਾਇਰ ਬ੍ਰਿਗੇਡ ਦੀ ਮਦਦ ਨਾਲ ਰੈਸਕਿਊ ਆਪਰੇਸ਼ਨ ਸ਼ੁਰੂ ਕਰਵਾਇਆ। ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਪੁਲਿਸ ਨੇ ਇਕ ਸਾਲ ਪਹਿਲਾਂ ਇਸ ਗੋਦਾਮ ‘ਚ ਛਾਪਾ ਮਾਰ ਕੇ ਇਸ ਨੂੰ ਸੀਲ ਕਰ ਦਿੱਤਾ ਸੀ। ਉਸ ਤੋਂ ਬਾਅਦ ਵੀ ਇੱਥੇ ਪਟਾਕੇ ਤਿਆਰ ਕਰਨ ਦਾ ਕੰਮ ਜਾਰੀ ਰਿਹਾ। ਇਸ ਤੋਂ ਪੁਲਿਸ ਦੀ ਕਰਗੁਜ਼ਾਰੀ ‘ਤੇ ਵੀ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਕੁਝ ਲੋਕ ਇਸ ਹਾਦਸੇ ਲਈ ਦਬੀ ਜ਼ੁਬਾਨ ਨਾਲ ਕਥਿਤ ਤੌਰ ‘ਤੇ ਪੁਲਿਸ ਪ੍ਰਸਾਸ਼ਨ ਨੂੰ ਵੀ ਬਰਾਬਰ ਦਾ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਗੋਦਾਮ ਪਟਾਕਾ ਵਪਾਰੀ ਗਾਂਧੀ ਰਾਮ ਅਤੇ ਉਸ ਦੇ ਬੇਟਾ ਪ੍ਰਦੀਪ ਕੁਮਾਰ ਘਟਨਾ ਤੋਂ ਬਾਅਦ ਦੋਵੇਂ ਫ਼ਰਾਰ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਡਿਪਟੀ ਕਮਿਸ਼ਨਰ ਅਮਰਪ੍ਰਾਤ ਸਿੰਘ ਵਿਰਕ ਨੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆ ਸਕੇਗਾ ਕਿ ਜਦੋਂ ਇਸ ਫ਼ੈਕਟਰੀ ਨੂੰ ਬੰਦ ਕਰ ਦਿੱਤਾ ਗਿਆ ਸੀ ਤਾਂ ਇਹ ਫਿਰ ਤੋਂ ਚਾਲੂ ਕਿਵੇਂ ਹੋ ਗਈ?