• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ

  

Share
  ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਿਤਾ ਮਹਿਤਾ ਕਾਲੂ (ਸ਼੍ਰੀ ਕਲਿਆਣ ਦਾਸ) ਜੀ ਦੇ ਘਰ ਮਾਤਾ ਤਿ੍ਰਪਤਾ ਜੀ ਦੀ ਕੁੱਖੋਂ ਰਾਇ ਭੋਇ ਦੀ ਤਲਵੰਡੀ, ਨਨਕਾਣਾ ਸਾਹਿਬ (ਪਾਕਿਸਤਾਨ) ਵਿਚ ਉਸ ਸਮੇਂ ਹੋਇਆ, ਜਦੋਂ ਭਾਰਤ ਦੇ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਹਾਲਾਤ ਨਿਰਾਸ਼ਾਜਨਕ ਸਨ ਤੇ ਸਾਰਾ ਦੇਸ਼ ਜਾਤ-ਪਾਤ, ਊਚ-ਨੀਚ ਅਤੇ ਈਰਖਾ ਦੀ ਅੱਗ ਵਿਚ ਸੜ ਰਿਹਾ ਸੀ। ਬਚਪਨ ‘ਚ ਹੀ ਆਪ ਨੇ ਵਹਿਮਾਂ-ਭਰਮਾਂ ਵਿਚ ਫਸੇ ਲੋਕਾਂ ਨੂੰ ਸੱਚ ਦਾ ਰਸਤਾ ਦਿਖਾਉਣ ਲਈ ਕੌਤਕ ਕੀਤੇ। ਥੋੜ੍ਹੇ ਸਮੇਂ ਬਾਅਦ ਆਪ ਜੀ ਨੂੰ ਵੱਡੀ ਭੈਣ ਬੇਬੇ ਨਾਨਕੀ ਜੀ ਕੋਲ ਸੁਲਤਾਨਪੁਰ ਲੋਧੀ ਵਿਖੇ ਰਹਿਣ ਲਈ ਭੇਜ ਦਿੱਤਾ ਗਿਆ, ਜਿੱਥੇ ਗੁਰੂ ਜੀ ਦੇ ਜੀਜਾ ਜੈ ਰਾਮ ਜੀ ਨੇ ਗੁਰੂ ਜੀ ਨੂੰ ਨਵਾਬ ਦੌਲਤ ਖਾਂ ਦੇ ਮੋਦੀਖਾਨੇ ‘ਚ ਮੋਦੀ ਦੀ ਨੌਕਰੀ ਦਿਵਾ ਦਿੱਤੀ। ਬਾਬਾ ਜੀ ਦੀ ਮੰਗਣੀਂ18 ਸਾਲ ਦੀ ਉਮਰ ‘ਚ ਆਪ ਜੀ ਦੀ ਮੰਗਣੀ ਬਟਾਲੇ ਦੇ ਰਹਿਣ ਵਾਲੇ ਖੱਤਰੀ ਮੂਲ ਚੰਦ ਪਟਵਾਰੀ ਤੇ ਮਾਤਾ ਚੰਦੋ ਰਾਣੀ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋ ਗਈ। ਗੁਰੂ ਜੀ ਦਾ ਬਰਾਤ ਦੇ ਰੂਪ ‘ਚ ਬਟਾਲੇ ਆਉਣਾਂਭਾਦੋਂ ਸੁਦੀ 7ਵੀਂ ਸੰਮਤ 1544 ਨੂੰ ਆਪ ਸਮੇਤ ਬਰਾਤੀਆਂ, ਜਿਨ੍ਹਾਂ ‘ਚ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਭਾਈ ਹਾਕਮ ਰਾਇ ਜੀ ਤੇ ਨਵਾਬ ਦੌਲਤ ਖਾਂ ਤੇ ਸੱਜਣਾਂ, ਰਿਸ਼ਤੇਦਾਰਾਂ ਤੇ ਪਰਿਵਾਰ ਦੇ ਹੋਰ ਮੈਂਬਰ ਸ਼ਾਮਿਲ ਸਨ, ਸੁਲਤਾਨਪੁਰ ਲੋਧੀ ਤੋਂ ਬਰਾਸਤਾ ਕਪੂਰਥਲਾ, ਸੁਭਾਨਪੁਰ, ਬਾਬਾ ਬਕਾਲਾ ਤੋਂ ਹੁੰਦੇ ਹੋਏ ਇਤਿਹਾਸਿਕ ਸ਼ਹਿਰ ਬਟਾਲੇ ਬਰਾਤ ਦੇ ਰੂਪ ‘ਚ ਪਹੁੰਚੇ। ਬਰਾਤ ਦਾ ਉਤਾਰਾ ਜਿਸ ਜਗ੍ਹਾ ‘ਤੇ ਕੀਤਾ ਗਿਆ, ਉਹ ਗੁਰਦੁਆਰਾ ‘ਸ੍ਰੀ ਕੰਧ ਸਾਹਿਬ‘ ਜੀ ਦੇ ਅਸਥਾਨ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਜਿਸ ਜਗ੍ਹਾ ‘ਤੇ ਗੁਰੂ ਜੀ ਵਲੋਂ ਲਾਵਾਂ-ਫੇਰਿਆਂ ਦੀ ਰਸਮ ਅਦਾ ਕੀਤੀ ਗਈ, ਉਹ ਅਸਥਾਨ ਗੁਰਦੁਆਰਾ ‘ਡੇਹਰਾ ਸਾਹਿਬ‘ ਜੀ ਦੇ ਨਾਂ ਨਾਲ ਪ੍ਰਸਿੱਧ ਹੈ। ਜਿਸ ਅਸਥਾਨ ‘ਤੇ ਬਰਾਤ ਦਾ ਉਤਾਰਾ ਕੀਤਾ ਗਿਆ, ਉਹ ਅਸਥਾਨ ਹਵੇਲੀ ਭਾਈ ਜਮੀਤ ਰਾਇ ਬੰਸੀ ਦੀ ਸੀ। ਜਦੋਂ ਗੁਰੂ ਜੀ ਦੀ ਬਰਾਤ ਆਈ ਤਾਂ ਉਸ ਸਮੇਂ ਭਾਰੀ ਬਾਰਿਸ਼ ਹੋ ਰਹੀ ਦੱਸੀ ਜਾਂਦੀ ਹੈ। ਇਥੇ ਹੀ ਇਕ ਕੱਚੀ ਕੰਧ ਸੀ, ਜਿਸ ਕੋਲ ਗੁਰੂ ਜੀ ਕੁਝ ਚਿਰ ਲਈ ਬੈਠੇ ਸਨ। ਇਸੇ ਦੌਰਾਨ ਇਕ ਬਜ਼ੁਰਗ ਔਰਤ ਨੇ ਗੁਰੂ ਜੀ ਨੂੰ ਕਿਹਾ ਕਿ ਇਹ ਕੱਚੀ ਕੰਧ ਹੈ, ਜੋ ਢਹਿਣ ਵਾਲੀ ਹੈ, ਇਥੋਂ ਉੱਠ ਕੇ ਪਰ੍ਹਾਂ ਹੋ ਜਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ‘‘ਮਾਤਾ ਭੋਲੀਏ, ਇਹ ਕੰਧ ਜੁਗਾਂ-ਜੁਗਾਂਤਰਾਂ ਤਕ ਕਾਇਮ ਰਹੇਗੀ ਅਤੇ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ।‘‘ ਇਹ ਕੱਚੀ ਕੰਧ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸ਼ੀਸ਼ੇ ਦੇ ਫ੍ਰੇਮ ‘ਚ ਸੁਰੱਖਿਅਤ ਅੱਜ ਵੀ ਮੌਜੂਦ ਹੈ। ਬਾਅਦ ‘ਚ ਮਹਾਰਾਜਾ ਨੌਨਿਹਾਲ ਨੇ ਇਸ ਅਸਥਾਨ ‘ਤੇ ਪੱਕਾ ਗੁਰੂ ਅਸਥਾਨ ਬਣਵਾਇਆ ਸੀ। ਵਿਆਹ ਪੁਰਬ ਨਾਲ ਸੰਬੰਧਿਤ ਜੋੜ ਮੇਲਾਂਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨਾਲ ਸੰਬੰਧਿਤ ਜੋੜ ਮੇਲਾ ਹਰ ਸਾਲ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਬੜੀ ਹੀ ਧੂਮ-ਧਾਮ ਅਤੇ ਸ਼ਰਧਾਪੂਰਵਕ ਮਨਾਇਆ ਜਾਂਦਾ ਹੈ। ਇਸ ਦਿਨ ਦੁਨੀਆ ਭਰ ‘ਚੋਂ ਲੱਖਾਂ ਦੀ ਗਿਣਤੀ ‘ਚ ਸੰਗਤਾਂ ਇਸ ਅਸਥਾਨ ‘ਤੇ ਆ ਕੇ ਹਾਜ਼ਰੀ ਭਰਦੀਆਂ ਹਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਹੈ, ਜਿੱਥੇ ਲੱਖਾਂ ਦੀ ਗਿਣਤੀ ‘ਚ ਪਹੁੰਚਣ ਵਾਲੀ ਸੰਗਤ ਦੇ ਠਹਿਰਨ ਅਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਵਲੋਂ ਗੁਰੂ ਜੀ ਨੂੰ ਸਮਰਪਿਤ ਦੋ ਵਿੱਦਿਅਕ ਅਦਾਰੇ ਗੁਰੂ ਨਾਨਕ ਕਾਲਜ ਅਤੇ ਗੁਰੂ ਦੇਵ ਅਕੈਡਮੀ ਵੀ ਖੋਲ੍ਹੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨਾਲ ਸੰਬੰਧਿਤ ਅਸਥਾਨ ਸ੍ਰੀ ਕੰਧ ਸਾਹਿਬ ਤੇ ਸ੍ਰੀ ਡੇਹਰਾ ਸਾਹਿਬ ਤੋਂ ਇਲਾਵਾ ਕਈ ਹੋਰ ਮਹੱਤਵਪੂਰਨ ਦਰਸ਼ਨਯੋਗ ਇਤਿਹਾਸਿਕ ਅਸਥਾਨ ਵੀ ਬਟਾਲਾ ਵਿਚ ਮੌਜੂਦ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈਂ ਗੁਰਦੁਆਰਾ ਸ੍ਰੀ ਸਤਿਕਰਤਾਰੀਆਂਇਹ ਗੁਰਦੁਆਰਾ ਸ਼ੇਰਾਂ ਵਾਲਾ ਗੇਟ ਦੇ ਬਾਹਰ ਸਬਜ਼ੀ ਮੰਡੀ ਦੇ ਲਾਗੇ ਹੈ। ਇਸ ਪਵਿੱਤਰ ਅਸਥਾਨ ‘ਤੇ ਮੀਰੀ-ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੂਰ ਹਰਿਗੋਬਿੰਦ ਸਾਹਿਬ ਜੀ ਸੰਮਤ 1681 ਵਿਚ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਆਏ ਸਨ ਤੇ ਇਥੇ ਹੀ ਬਾਬਾ ਗੁਰਦਿੱਤਾ ਜੀ ਦਾ ਵਿਆਹ ਭਾਈ ਰਾਮਾ ਮੱਲ ਖੱਤਰੀ ਜੀ ਦੀ ਸਪੁੱਤਰੀ ਅਨੰਤੀ ਜੀ ਨਾਲ ਹੋਇਆ ਸੀ, ਜਿਸ ਤੋਂ ਧੀਰ ਮੱਲ ਅਤੇ 7ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਰਾਇ ਜੀ ਦਾ ਜਨਮ ਹੋਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਆਮਦਂਸੰਮਤ 1765 ‘ਚ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਗਲ ਹਾਕਮਾਂ ਨੂੰ ਸੋਧਣ ਲਈ ਬਾਬਾ ਬੰਦਾ ਸਿੰਘ ਨੂੰ ਪੰਜ ਤੀਰ ਤੇ ਨਿਸ਼ਾਨ ਸਾਹਿਬ ਦੇ ਕੇ ਭੇਜਿਆ ਸੀ, ਜਿਸ ‘ਤੇ ਬਾਬਾ ਜੀ ਨੇ ਗੁਰੂ ਜੀ ਦੇ ਆਸ਼ੀਰਵਾਦ ਨਾਲ ਹੀ ਸੰਮਤ 1771 ਵਿਚ ਕਲਾਨੌਰ ਤੋਂ ਬਟਾਲੇ ਦੇ ਹਾਕਮਾਂ ਨੂੰ ਸੋਧਿਆ ਸੀ। ਬਾਬਾ ਜੀ ਨੇ ਇਸ ਸ਼ਹਿਰ ‘ਚ ਕੁਝ ਚਿਰ ਆਰਾਮ ਕੀਤਾ, ਜੋ ਅੱਜਕਲ ਮੁਹੱਲਾ ਖੰਡਾ ਖੋਲਾ ਦੇ ਨਾਂ ਨਾਲ ਪ੍ਰਸਿੱਧ ਹੈ ਅਤੇ ਇਹ ਵੀ ਗੁਰਦੁਆਰਾ ਸ੍ਰੀ ਸਤਿਕਰਤਾਰੀਆ ਦੇ ਨਜ਼ਦੀਕ ਹੀ ਸਥਿਤ ਹੈ। ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਨੂੰ ਜਾਣ ਵਾਲਾ ਮਾਰਗ ਬਟਾਲਾ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਸ੍ਰੀ ਕੰਧ ਸਾਹਿਬ 1.5 ਕਿਲੋਮੀਟਰ ਅਤੇ ਬੱਸ ਸਟੈਂਡ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਤੇ ਇਹ ਅਸਥਾਨ ਸ਼ਹਿਰ ਦੇ ਹਰ ਪਾਸੇ ਤੋਂ ਸੜਕੀ ਆਵਾਜਾਈ ਨਾਲ ਜੁੜਿਆ ਹੋਇਆ ਹੈ। ਬਾਬਾ ਜੀ ਦਾ ਵਿਆਹ ਸਮਾਗਮਂਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ ਕਿ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬੜੇ ਚਾਵਾਂ ਅਤੇ ਧੂਮਧਾਮ ਨਾਲ ਵੱਡੇ ਪੱਧਰ ‘ਤੇ ਜੋੜ ਮੇਲੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ, ਜੋ ਇਸ ਵਾਰ 28 ਅਗਸਤ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ, ਜਿਸ ਵਿਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਸੰਗਤਾਂ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ।