• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਪੰਥ ਰਤਨ ਭਾਈ ਕਾਨ੍ਹ ਸਿੰਘ ਨਾਭਾ ਦੀ ਸਾਹਿਤਕ ਦੇਣ

  

Share
  ਪੰਜਾਬ ਦੇ ਸੱਭਿਆਚਾਰਕ ਇਤਿਹਾਸ ਵਿਚ ਭਾਈ ਕਾਨ੍ਹ ਸਿੰਘ ਨਾਭਾ ਆਪਣੇ ਬਹੁਪੱਖੀ ਯੋਗਦਾਨ ਸਦਕਾ ਵਿਸ਼ੇਸ਼ ਸਥਾਨ ਰੱਖਦੇ ਹਨ। ਸਿੱਖ ਧਰਮ ਅਤੇ ਪੰਜਾਬੀ ਅਦਬ ਨੂੰ ਭਾਈ ਸਾਹਿਬ ਦੀ ਸਾਹਿਤਕ ਦੇਣ ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਹਰ ਪੱਖੋਂ ਸਾਰਥਕ ਹੈ। ਕਲਾ ਪ੍ਰੇਮੀ ਭਾਈ ਕਾਨ੍ਹ ਸਿੰਘ ਨਾਭਾ ਨੇ ਸਾਹਿਤ, ਸੰਗੀਤ ਆਦਿ ਜਿਹੜੀ ਵੀ ਲਲਿਤ ਕਲਾ ਨੂੰ ਹੱਥ ਲਾਇਆ, ਉਹ ਕੌਸ਼ਲ ਹੋ ਗਈ। ਉਨ੍ਹਾਂ ਕਈ ਅਜਿਹੇ ਸਾਹਿਤਕ ਕਾਰਜ ਸਿਰੇ ਚਾੜ੍ਹੇ, ਜਿਸ ਦੀ ਆਸ ਕਿਸੇ ਸੰਸਥਾ ਪਾਸੋਂ ਤਾਂ ਕੀਤੀ ਜਾ ਸਕਦੀ ਹੈ ਪਰ ਕਿਸੇ ਇਕੱਲੇ ਵਿਅਕਤੀ ਪਾਸੋਂ ਨਹੀਂ। ਆਪ ਦਾ ਜਨਮ ਮਾਤਾ ਹਰਿ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਉਨ੍ਹਾਂ ਦੇ ਨਾਨਕੇ ਘਰ 30 ਅਗਸਤ 1861 ਈ: ਨੂੰ ਹੋਇਆ। ਭਾਈ ਸਾਹਿਬ ਦੀ ਖਾਨਦਾਨੀ ਪਰੰਪਰਾ ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਬਾਬਾ ਨੌਧ ਸਿੰਘ ਨਾਲ ਜਾ ਮਿਲਦੀ ਹੈ, ਜਿਹੜੇ ਕਿ ਜਾਤ ਦੇ ਢਿੱਲੋਂ ਜੱਟ ਤੇ ਪੰਜਾਬ ਵਿਚ ਜ਼ਿਲ੍ਹਾ ਬਠਿੰਡਾ ਦੇ ਪਿੰਡ ‘ਪਿੱਥੋ‘ ਦੇ ਪ੍ਰਮੁੱਖ ਸਨ। ਆਪ ਦੇ ਪਿਤਾ ਬਾਬਾ ਨਾਰਾਇਣ ਸਿੰਘ ਤੇ ਵਡੇਰੇ ਬਾਬਾ ਸਰੂਪ ਸਿੰਘ ਨੇ ਨਾਭੇ ਵਿਖੇ ਪ੍ਰਸਿੱਧ ਗੁਰਦੁਆਰੇ, ਬਾਬਾ ਅਜਾਪਾਲ ਜੀ ਦੇ ਤਪ ਅਸਥਾਨ ‘ਤੇ ਪ੍ਰਮੁੱਖ ਸੇਵਾਦਾਰਾਂ ਵਜੋਂ ਸ਼ਾਨਦਾਰ ਸੇਵਾ ਕਰਦਿਆਂ ਇਸ ਪਵਿੱਤਰ ਅਸਥਾਨ ਨੂੰ ਗੁਰਮਤਿ ਪ੍ਰਚਾਰ ਦਾ ਪ੍ਰਧਾਨ ਕੇਂਦਰ ਬਣਾਇਆ।
ਭਾਈ ਕਾਨ੍ਹ ਸਿੰਘ ਨਾਭਾ ਬਚਪਨ ਦੇ ਦਿਨਾਂ ਤੋਂ ਹੀ ਨਾਭਾ ਵਿਖੇ ਆਪਣੇ ਪਿਤਾ ਬਾਬਾ ਨਾਰਾਇਣ ਸਿੰਘ ਅਤੇ ਪ੍ਰਮੁੱਖ ਸਮਕਾਲੀ ਵਿਦਵਾਨਾਂ ਪਾਸੋਂ ਬਹੁਪੱਖੀ ਵਿੱਦਿਆ ਗ੍ਰਹਿਣ ਕੀਤੀ। ਆਪ ਦਾ ਵਿਆਹ ਰਿਆਸਤ ਪਟਿਆਲਾ ਦੇ ਪਿੰਡ ਰਾਮਗੜ੍ਹ ਵਿਚ ਸ: ਹਰਦਮ ਸਿੰਘ ਦੀ ਸਪੁੱਤਰੀ ਬਸੰਤ ਕੌਰ ਨਾਲ ਹੋਇਆ, ਜਿਸ ਦੀ ਕੁੱਖੋਂ ਉਨ੍ਹਾਂ ਦੇ ਇਕਲੌਤੇ ਬੇਟੇ ਭਗਵੰਤ ਸਿੰਘ (ਹਰੀ ਜੀ) ਦਾ ਜਨਮ 1892 ਈ: ਵਿਚ ਹੋਇਆ। ਭਾਈ ਸਹਿਬ ਨੇ ਰਿਆਸਤ ਨਾਭਾ ਅਤੇ ਪਟਿਆਲਾ ਵਿਚ ਕਈ ਉੱਚ ਅਹੁਦਿਆਂ ‘ਤੇ ਸੇਵਾ ਕੀਤੀ ਅਤੇ ਮਹਾਰਾਜਾ ਰਿਪੁਦਮਨ ਸਿੰਘ, ਉਨ੍ਹਾਂ ਦੀ ਮਹਾਰਾਣੀ ਸਰੋਜਨੀ ਦੇਵੀ ਤੇ ਪ੍ਰਸਿੱਧ ਅੰਗਰੇਜ਼ ਵਿਦਵਾਨ ਮਿਸਟਰ ਮੈਕਸ ਆਰਥਰ ਮੈਕਾਲਫ ਆਪ ਦੇ ਪ੍ਰਮੁੱਖ ਸ਼ਿਸ਼ ਬਣੇ। ਸੈਰ, ਬਾਗਬਾਨੀ, ਸ਼ਿਕਾਰ ਆਦਿ ਤੋਂ ਇਲਾਵਾ ਆਪ ਨੂੰ ਸੰਗੀਤ ਦਾ ਵੀ ਬੇਹੱਦ ਸ਼ੌਂਕ ਸੀ।
ਨਾਭਾ ਦਰਬਾਰ ‘ਚ ਰਹਿੰਦਿਆਂ ਇਕ ਲੇਖਕ ਦੇ ਤੌਰ ‘ਤੇ ਭਾਈ ਸਾਹਿਬ ਦਾ ਆਗਮਨ 19ਵੀਂ ਸਦੀ ਦੇ ਅਖੀਰਲੇ ਦਹਾਕੇ ਵਿਚ ਮਹਾਰਾਜਾ ਹੀਰਾ ਸਿੰਘ ਦੀ ਪ੍ਰੇਰਨਾ ਨਾਲ ਹੋਇਆ। ਮੁਢਲੀਆਂ ਰਚਨਾਵਾਂ ‘ਰਾਜ ਧਰਮ‘, ‘ਟੀਕਾ ਜੈਮਨੀ ਅਸਵਮੇਧ‘, ਤੇ ‘ਨਾਟਕ ਭਾਵਾਰਥ ਦੀਪਕਾ‘ ਆਦਿ ਆਪ ਨੂੰ ਪਰੰਪਰਾਗਤ ਵਿੱਦਿਆ ਦਾ ਉੱਚਕੋਟੀ ਦਾ ਵਿਦਵਾਨ ਸਿੱਧ ਕਰਦੀਆਂ ਹਨ। ਸਿੰਘ ਸਭਾ ਲਹਿਰ ਤੇ ਹੋਰ ਸੁਧਾਰਕ ਲਹਿਰਾਂ ਦੇ ਪ੍ਰਭਾਵ ਅਧੀਨ, ਗੁਰਮਤਿ ਸਿਧਾਂਤਾਂ ਦੀ ਵਿਆਖਿਆ ਲਈ ‘ਹਮ ਹਿੰਦੂ ਨਹੀਂ‘, ‘ਗੁਰੁਮਤ ਪ੍ਰਭਾਕਰ‘, ‘ਗੁਰੁਮਤ ਸੁਧਾਕਰ‘, ‘ਗੁਰੁ-ਗਿਰਾ ਕਸੌਟੀ‘, ‘ਸੱਦ ਕਾ ਪਰਮਾਰਥ‘, ‘ਠਗ-ਲੀਲ੍ਹਾ‘, ‘ਚੰਡੀ ਦੀ ਵਾਰ ਸਟੀਕ‘ ਤੇ ਅਨੇਕ ਹੋਰ ਪੁਸਤਕਾਂ ਦੀ ਰਚਨਾ ਸਦਕਾ ਜਿੱਥੇ ਆਪ ਸਿੱਖ ਧਰਮ ਦੇ ਮਹਾਨ ਵਿਆਖਿਆਕਾਰ, ਧਰਮ-ਸ਼ਾਸਤਰੀ ਵਜੋਂ ਸਥਾਪਤ ਹੋਏ, ਉੱਥੇ ‘ਗੁਰੁਛੰਦ ਦਿਵਾਕਰ‘ ਤੇ ‘ਗੁਰੁਸ਼ਬਦਾਲੰਕਾਰ‘ ਪੁਸਤਕਾਂ ਦੀ ਰਚਨਾ ਕਰਕੇ ਉਹ ਇਕ ਮਹਾਨ ਛੰਦ-ਸ਼ਾਸਤਰੀ ਤੇ ਅਲੰਕਾਰ ਸ਼ਾਸਤਰੀ ਵਜੋਂ ਪ੍ਰਸਿੱਧ ਹੋਏ। ਆਪ ਦਾ ਸਭ ਤੋਂ ਵੱਡਾ ਸਾਹਿਤਕ ਕਾਰਜ ‘ਗੁਰੁਸ਼ਬਦ ਰਤਨਾਕਰ ਮਹਾਨ ਕੋਸ਼‘ ਪੰਜਾਬੀ ਕੋਸ਼ਕਾਰੀ ਦੇ ਖੇਤਰ ਵਿਚ ਇਕ ਮੀਲ-ਪੱਥਰ ਹੈ, ਜਿਸ ਨੂੰ ਸਿੱਖ ਸਾਹਿਤ ਦਾ ਵਿਸ਼ਵਕੋਸ਼ ਜਾਂ ਇਨਸਾਈਕਲੋਪੀਡੀਆ ਕਿਹਾ ਜਾਂਦਾ ਹੈ। ਇਸ ਅਨੁਪਮ ਗ੍ਰੰਥ ਵਿਚ ਸਾਹਿਤ, ਇਤਿਹਾਸ, ਭੁਗੋਲ, ਚਕਿਤਸਾ ਆਦਿ ਅਨੇਕ ਵਿਸ਼ਿਆਂ ਤੋਂ ਇਲਾਵਾ ਭਾਰਤੀ ਸ਼ਾਸਤਰੀ ਸੰਗੀਤ ਬਾਰੇ ਵੀ ਵਡਮੁੱਲੀ ਜਾਣਕਾਰੀ ਉਪਲਬਧ ਹੈ। ਭਾਰਤੀ ਇਤਿਹਾਸ ਵਿਚ ਸੰਗੀਤ ਬਾਰੇ ਲਿਖਣ ਦੀ ਪਰੰਪਰਾ ਅਤਿ ਪ੍ਰਾਚੀਨ ਹੈ। ਇਸ ਪਰੰਪਰਾ ਅਧੀਨ ਪੰਜਾਬੀ ਭਾਸ਼ਾ ‘ਚ ‘ਮਹਾਨ ਕੋਸ਼‘ ਭਾਈ ਸਾਹਿਬ ਦਾ ਇਕ ਅਜਿਹਾ ਸ਼ਲਾਘਾਯੋਗ ਉੱਦਮ ਹੈ, ਜਿਸ ਦੇ ਘੇਰੇ ਵਿਚ ਸੰਗੀਤ ਦਾ ਸ਼ਾਸਤਰੀ ਅਤੇ ਵਿਵਹਾਰਿਕ ਪੱਖ, ਰਾਗਾਂ ਦਾ ਵਿਕਾਸ, ਗਾਇਨ ਸ਼ੈਲੀਆਂ, ਸੰਗੀਤ ਦੇ ਵਿਦਵਾਨ ਅਤੇ ਗ੍ਰੰਥ, ਮਨੋਵਿਗਿਆਨਕ ਅਤੇ ਸੁਹਜਾਤਮਕ ਪੱਖ ਆਦਿ ਆਉਂਦੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇਸ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਗਿਆ ਹੈ। 23 ਨਵੰਬਰ 1938 ‘ਚ 77 ਸਾਲ ਦੀ ਉਮਰ ਵਿਚ ਦਿਲ ਦੀ ਧੜਕਨ ਬੰਦ ਹੋਣ ਨਾਲ ਨਾਭੇ ਵਿਖੇ ਭਾਈ ਸਾਹਿਬ ਦਾ ਦਿਹਾਂਤ ਹੋਇਆ। ਆਪ ਜੀ ਨੂੰ ਸਰਬਪੱਖੀ ਵਿਦਵਤਾ ਅਤੇ ਸਰਬਾਂਗੀ ਸ਼ਖ਼ਸੀਅਤ ਕਰਕੇ ਸਿੱਖ ਕੌਮ ਵਿਚ ‘ਭਾਈ ਸਾਹਿਬ‘ ਜਾਂ ‘ਪੰਥ ਰਤਨ‘ ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ। ਨਾਭੇ ਦੇ ਇਸ ਵਿਦਵਾਨ ਘਰਾਣੇ ਵਿਚੋਂ ਵਰਤਮਾਨ ‘ਚ ਭਾਈ ਸਾਹਿਬ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਵੀ ਸਮਾਜ ਸੇਵਾ ਤੇ ਸਾਹਿਤਕ ਰੁਚੀਆਂ ਦੇ ਧਾਰਨੀ ਹਨ।