• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਮਹਾਨ ਵਿਦਵਾਨ, ਚਿੰਤਕ ਤੇ ਗੁਰਬਾਣੀ ਦੇ ਵਿਆਖਿਆਕਾਰ ਭਾਈ ਗੁਰਦਾਸ ਜੀ

  

Share
  ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਸਿੱਖ ਧਰਮ ਵਿੱਚ ਜਦੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ ਤਾਂ ਗੁਰੂ ਘਰ ਦੇ ਪਿਆਰਿਆਂ ਅਤੇ ਸਚਿਆਰਿਆਂ ਦੀ ਕਮਾਈ ਦਾ ਵੀ ਧਿਆਨ ਧਰਨ ਲਈ ਕਿਹਾ ਜਾਂਦਾ ਹੈ। ਇਨ੍ਹਾਂ ਪਿਆਰਿਆਂ ਅਤੇ ਸਚਿਆਰਿਆਂ ਨੇ ਆਪਣੇ ਜੀਵਨ ਨੂੰ ਨਾ ਸਿਰਫ਼ ਸਿੱਖੀ ਸਿਧਾਂਤਾਂ ਮੁਤਾਬਕ ਢਾਲਿਆ ਹੀ ਸਗੋਂ ਉਨ੍ਹਾਂ ਸਿਧਾਂਤਾਂ ਦੀ ਰੌਸ਼ਨੀ ਨੂੰ ਦੂਰ-ਦੁਰਾਡੇ ਤੱਕ ਪਹੁੰਚਾਉਣ ਲਈ ਵੀ ਆਪਣਾ ਅਹਿਮ ਯੋਗਦਾਨ ਪਾਇਆ। ਇਨ੍ਹਾਂ ਗੁਰੂ ਘਰ ਦੇ ਪਿਆਰਿਆਂ-ਨਿਆਰਿਆਂ ਦੇ ਯੋਗਦਾਨ ਬਦਲੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਇਨ੍ਹਾਂ ਨੂੰ ਮਾਣ-ਸਤਿਕਾਰ ਦਿੰਦੀਆਂ ਹਨ। ਇਸੇ ਤਰ੍ਹਾਂ ਦੇ ਹੀ ਮਾਣ ਸਤਿਕਾਰ ਦੇ ਪਾਤਰ ਹਨ, ਸਿੱਖ ਧਰਮ ਦੇ ਮਹਾਨ ਵਿਦਵਾਨ, ਚਿੰਤਕ ਅਤੇ ਗੁਰਬਾਣੀ ਦੇ ਵਿਆਖਿਆਕਾਰ ਭਾਈ ਗੁਰਦਾਸ ਜੀ।
ਭਾਈ ਗੁਰਦਾਸ ਜੀ ਦਾ ਜਨਮ ਜ਼ਿਲ੍ਹਾ ਅੰਮਿ੍ਰਤਸਰ ਦੇ ਪਿੰਡ ਬਾਸਰਕੇ ਵਿੱਚ ਭਾਈ ਈਸ਼ਰ ਦਾਸ (ਗੁਰੂ ਅਮਰਦਾਸ ਜੀ ਦਾ ਚਚੇਰਾ ਭਾਈ) ਦੇ ਪਰਿਵਾਰ ਵਿੱਚ 1559 ਈਸਵੀ ਨੂੰ ਹੋਇਆ। ਕੁੱਝ ਲੇਖਕਾਂ ਮੁਤਾਬਕ ਭਾਈ ਸਾਹਿਬ ਦਾ ਜਨਮ ਗੋਇੰਦਵਾਲ ਸਾਹਿਬ ਵਿਖੇ 1553 ਈਸਵੀ ਨੂੰ ਹੋਇਆ। ਆਪਣੇ ਬਚਪਨ ਦਾ ਵਧੇਰੇ ਸਮਾਂ ਭਾਈ ਸਾਹਿਬ ਨੇ ਗੋਇੰਦਵਾਲ ਸਾਹਿਬ ਵਿੱਚ ਹੀ ਬਿਤਾਇਆ ਅਤੇ ਮੁੱਢਲੀ ਸਿੱਖਿਆ ਵੀ ਇੱਥੋਂ ਹੀ ਹਾਸਲ ਕੀਤੀ। ਉਚੇਰੀ ਸਿੱਖਿਆ ਉਨ੍ਹਾਂ ਨੇ ਉਸ ਵਕਤ ਦੇ ਪ੍ਰਸਿੱਧ ਇਸਲਾਮੀ ਅਤੇ ਭਾਰਤੀ ਵਿੱਦਿਆ ਕੇਂਦਰਾਂ ‘ਤੇ ਜਾ ਕੇ ਗ੍ਰਹਿਣ ਕੀਤੀ। ਗੁਰੁ ਸਾਹਿਬਾਨ ਦੀ ਸੇਵਾ ਵਿੱਚ ਰਹਿ ਕੇ ਉਨ੍ਹਾਂ ਨੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ ਅਤੇ ਗੁਰਮਤਿ ਦੇ ਵਿਸ਼ਿਆਂ ‘ਤੇ ਆਪਣੀ ਪਕੜ ਮਜ਼ਬੂਤ ਬਣਾ ਲਈ।
ਬਾਬੇਕਿਆਂ ਦੀ ਸਰਬੱਤ ਦਾ ਭਲਾ ਮੰਗਣ ਵਾਲੀ ਸੋਚ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਭਾਈ ਗੁਰਦਾਸ ਜੀ ਲਾਹੌਰ, ਆਗਰਾ, ਕਾਂਸ਼ੀ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਗਏ। ਇਹ ਸਿਲਸਿਲਾ ਗੁਰੂ ਹਰਗੋਬਿੰਦ ਜੀ ਤੱਕ ਚੱਲਦਾ ਰਿਹਾ। ਪ੍ਰਚਾਰ ਦੇ ਨਾਲ-ਨਾਲ ਭਾਈ ਸਾਹਿਬ ਨੇ ਫਤਹਿਪੁਰ ਸੀਕਰੀ, ਗਵਾਲੀਅਰ, ਉਜੈਨ, ਬਰੁਹਾਨਪੁਰ, ਲਖਨਊ ਅਤੇ ਜੋਨਪੁਰ ਆਦਿ ਥਾਵਾਂ ‘ਤੇ ਸਿੱਖ ਸੰਗਤਾਂ ਵੀ ਸਥਾਪਤ ਕੀਤੀਆਂ। ਗੁਰੁ ਅਰਜਨ ਦੇਵ ਜੀ ਦੇ ਸਮੇਂ ਸਿੱਖੀ ਦੇ ਰਾਹ ਵਿੱਚ ਰੋੜਾ ਅਟਕਾਉਣ ਵਾਲੇ ਕਈ ਅੰਦਰੂਨੀ ਅਤੇ ਬਾਹਰੀ ਵਿਰੋਧੀਆਂ ਦੀਆਂ ਕੋਝੀਆਂ ਚਾਲਾਂ ਨੂੰ ਪਛਾੜਨ ਲਈ ਵੀ ਭਾਈ ਗੁਰਦਾਸ ਜੀ ਦਾ ਅਹਿਮ ਰੋਲ ਰਿਹਾ ਹੈ। ਜਦੋਂ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕੰਮ ਆਰੰਭਿਆ ਤਾਂ ਉਸ ਪਾਵਨ ਸਰੂਪ ਨੂੰ ਲਿਖਣ ਦੀ ਸੇਵਾ ਭਾਈ ਗੁਰਦਾਸ ਜੀ ਵੱਲੋਂ ਨਿਭਾਈ ਗਈ। ਇਸ ਤੋਂ ਇਲਾਵਾ ਗੁਰੂ ਆਸ਼ੇ ਦੀ ਵਿਆਖਿਆ ਕਰਨ ਹਿੱਤ ਭਾਈ ਸਾਹਿਬ ਨਾਲ-ਨਾਲ ਆਪਣੀ ਬਾਣੀ ਦੀ ਸਿਰਜਣਾ ਵੀ ਕਰਦੇ ਰਹੇ। ਇਸ ਬਾਣੀ ਨੂੰ ਜਦੋਂ ਪੰਚਮ ਪਾਤਸ਼ਾਹ ਨੇ ਗ੍ਰੰਥ ਸਾਹਿਬ ਵਿੱਚ ਦਰਜ ਕਰਨਾ ਚਾਹਿਆ ਤਾਂ ਨਿਮਰਤਾ ਦਾ ਸਬੂਤ ਦਿੰਦਿਆਂ ਭਾਈ ਸਾਹਿਬ ਨੇ ਕਿਹਾ ਕਿ ਸੇਵਕ ਸਾਹਿਬ ਦੇ ਬਰਾਬਰ ਬੈਠਾ ਸ਼ੋਭਦਾ ਨਹੀਂ। ਇਹ ਨਿਮਰਤਾ ਵੇਖ ਕੇ ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ ਅਤੇ ਭਾਈ ਸਾਹਿਬ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਕਹਿ ਕੇ ਰੱਜਵਾਂ ਸਤਿਕਾਰ ਦਿੱਤਾ।
ਭਾਈ ਗੁਰਦਾਸ ਜੀ ਨੇ ਗੁਰੂ ਹਰਗੋਬਿੰਦ ਜੀ ਦੇ ਆਰੰਭਲੇ ਸਮੇਂ ਉਸਾਰੀ ਦੇ ਕੰਮਕਾਜ ਦੀ ਨਿਗਰਾਨੀ ਵੀ ਕੀਤੀ। 1609 ਈਸਵੀ ਨੂੰ ਛੇਵੇਂ ਪਾਤਸ਼ਾਹ ਨੇ ਅਕਾਲ ਤਖ਼ਤ ਸਾਹਿਬ ਦੀ ਨੀਂਹ ਰੱਖੀ ਤੇ ਉਸ ਨੂੰ ਸੰਪੂਰਨਤਾ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਭਾਈ ਸਾਹਿਬ ਨੇ ਨਿਭਾਈ। ਜਦੋਂ ਗੁਰੂ ਸਾਹਿਬ ਗੁਰਸਿੱਖੀ ਦੇ ਪ੍ਰਚਾਰ ਲਈ ਕਿਤੇ ਦੂਰ ਨੇੜੇ ਜਾਂਦੇ ਤਾਂ ਅੰਮਿ੍ਰਤਸਰ ਆਉਣ ਵਾਲੇ ਸ਼ਰਧਾਲੂਆਂ ਦਾ ਸਵਾਗਤ ਅਤੇ ਸੇਵਾ ਦਾ ਕੰਮ ਵੀ ਭਾਈ ਸਾਹਿਬ ਵੱਲੋਂ ਬਾਬਾ ਬੁੱਢਾ ਜੀ ਨਾਲ ਮਿਲ ਕੇ ਬੜੇ ਉਤਸ਼ਾਹ ਨਾਲ ਕੀਤਾ ਜਾਂਦਾ ਹੈ।
1605 ਈਸਵੀ ਵਿੱਚ ਜਦੋਂ ਅਕਬਰ ਬਾਦਸ਼ਾਹ ਬਟਾਲੇ ਆਇਆ ਤਾਂ ਕਿਸੇ ਨੇ ਉਸ ਦੇ ਕੰਨ ਭਰ ਦਿੱਤੇ ਕਿ ਗੁਰੂ ਸਾਹਿਬ ਵੱਲੋਂ ਰਚਿਤ ਗ੍ਰੰਥ ਸਾਹਿਬ ਵਿੱਚ ਇਸਲਾਮ ਅਤੇ ਮੁਹੰਮਦ ਸਾਹਿਬ ਦੀ ਸ਼ਾਨ ਦੇ ਖ਼ਿਲਾਫ਼ ਲਿਖਤ ਲਿਖੀ ਗਈ ਹੈ। ਗੁਰੂ ਅਰਜਨ ਦੇਵ ਜੀ ਵੱਲੋਂ ਅਕਬਰ ਬਾਦਸ਼ਾਹ ਦੇ ਸ਼ੰਕਿਆਂ ਨੂੰ ਸੰਤੁਸ਼ਟ ਕਰਨ ਦੇ ਕਾਬਲ ਵੀ ਭਾਈ ਗੁਰਦਾਸ ਜੀ ਨੂੰ ਹੀ ਸਮਝਿਆ ਗਿਆ। ਗੁਰੂ ਸਾਹਿਬ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਗ੍ਰੰਥ ਸਾਹਿਬ ਨੂੰ ਨਾਲ ਲੈ ਕੇ ਬਟਾਲੇ ਪਹੁੰਚ ਗਏ। ਜਦੋਂ ਅਕਬਰ ਨੇ ਬਾਣੀ ਸੁਣਾਉਣ ਲਈ ਕਿਹਾ ਤਾਂ ਭਾਈ ਸਾਹਿਬ ਨੇ ਪਾਠ ਕਰਨਾ ਆਰੰਭ ਕਰ ਦਿੱਤਾ। ਪਾਠ ਸੁਣ ਕੇ ਅਕਬਰ ਬਾਦਸ਼ਾਹ ਦੀ ਕਾਫ਼ੀ ਤਸੱਲੀ ਹੋ ਗਈ। ਅਕਬਰ ਨੇ 51 ਮੋਹਰਾਂ ਗ੍ਰੰਥ ਸਾਹਿਬ ਅੱਗੇ ਰੱਖ ਕੇ ਆਪਣਾ ਸੀਸ ਝੁਕਾਇਆ ਤੇ ਭਾਈ ਸਾਹਿਬ ਨੂੰ ਇੱਕ ਸੁੰਦਰ ਦੁਸ਼ਾਲਾ ਭੇਟ ਕੀਤਾ। ਭਾਈ ਗੁਰਦਾਸ ਜੀ ਦੀ ਤਿੰਨ ਪ੍ਰਕਾਰ ਦੀ ਲਿਖਤ ਮਿਲਦੀ ਹੈ। ਇਸ ਲਿਖਤ ਵਿੱਚ 40 ਅਧਿਆਤਮਿਕ ਵਾਰਾਂ ਪੰਜਾਬੀ 675 ਬਰਿਜ ਅਤੇ ਕੁੱਝ ਸ਼ਲੋਕ ਸੰਸਕਿ੍ਰਤ ਵਿੱਚ ਮਿਲਦੇ ਹਨ। ਵਰਣਾਤਮਕ ਵਿਸ਼ਿਆਂ ਲਈ ਉਨ੍ਹਾਂ ਨੇ ਲੋਕ-ਕਾਵਿ ਰੂਪ ਦੀ ਵਰਤੋਂ ਕੀਤੀ ਹੈ। ਗੁਰਮਤਿ ਦੀ ਲਾਭਦਾਇਕਤਾ ਦਾ ਪਤਾ ਲਗਾਉਣ ਲਈ ਉਨ੍ਹਾਂ ਦੀ ਇਸ ਰਚਨਾ ਦਾ ਨਿੱਠ ਕੇ ਅਧਿਐਨ ਕਰਨਾ ਪੈਂਦਾ ਹੈ। ਇਸੇ ਲਈ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਸਿੱਖੀ ਪ੍ਰਾਪਤ ਹੁੰਦੀ ਹੈ। ਭਾਈ ਗੁਰਦਾਸ ਜੀ ਨੇ ਆਪਣੇ ਅੰਤਲੇ ਸਵਾਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਲਏ ਅਤੇ ਛੇਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਭਾਦੋਂ ਸੁਦੀ ਪੰਜਵੀਂ 1637 ਈਸਵੀ ਨੂੰ ਸਰੀਰਕ ਚੋਲਾ ਤਿਆਗ ਗਏ। ਭਾਈ ਸਾਹਿਬ ਦੇ ਯੋਗਦਾਨ ਬਦਲੇ ਸਿੱਖ ਸੰਗਤਾਂ ਹਮੇਸ਼ਾ ਉਨ੍ਹਾਂ ਦੀਆਂ ਰਿਣੀ ਰਹਿਣਗੀਆਂ।
ਰਮੇਸ਼ ਬੱਗਾ ਚੋਹਲਾ
94631-32719